ਮਾਨ ਨੇ ਪੰਜਾਬ ਵਾਸੀਆਂ ਨੂੰ ਰੱਬ ਦੇ ਭਰੋਸੇ ਛੱਡਿਆ, ਖ਼ੁਦ ਗੁਜਰਾਤ ਅਤੇ ਹਿਮਾਚਲ ਵਿੱਚ ਕਰ ਰਹੇ ਪ੍ਰਚਾਰ – ਬਾਜਵਾ
ਮਾਨ, ਪੰਜਾਬ ਦੀ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨੂੰ ਰੋਕਣ ਵਿੱਚ ਬੁਰੀ ਤਰਾਂ ਅਸਫ਼ਲ – ਬਾਜਵਾ
ਚੰਡੀਗੜ੍ਹ – ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਚੋਣ-ਪ੍ਰਚਾਰ ਦਾ ਮੁੱਖ ਚਿਹਰਾ (‘ਸਟਾਰ ਪ੍ਰਚਾਰਕ’) ਬਣ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚਾਰ ਕਰ ਰਹੇ ਹਨ ਤੇ ਪੰਜਾਬ ਦੇ ਵਸਨੀਕਾਂ ਨੂੰ ਰੱਬ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ ।
ਬਾਜਵਾ ਨੇ ਮਾਨ ‘ਤੇ ਦੋਸ਼ ਲਾਇਆ ਕਿ ਉਹ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਹੈ, ਜੋ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਲਗਾਮ ਲਗਾਉਣ ‘ਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ । ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ ਵਿੱਚ ਬੰਦੂਕਧਾਰੀ ਅਪਰਾਧਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ । ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੀ ਕੱਲ੍ਹ ਅੰਮ੍ਰਿਤਸਰ ਵਿੱਚ ਇੱਕ ਮੰਦਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੰਜਾਬ ਦੇ ਪ੍ਰਮੁੱਖ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਇਸ ਸਾਲ ਮਈ ਮਹੀਨੇ ਅਤੇ ਅੱਧੇ ਜੂਨ ਵਿੱਚ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਨੂੰ ਦਰਸਾਇਆ ਗਿਆ ਹੈ। ਖ਼ਬਰ ਮੁਤਾਬਿਕ ਡੇਢ ਮਹੀਨੇ ‘ਚ ਸ਼ਹਿਰ ‘ਚ 12 ਕਤਲ ਦੇ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਛੇ ਗੋਲੀ ਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਸਨ।
ਬਾਜਵਾ ਨੇ ਹੈਰਾਨੀ ਜ਼ਾਹਿਰ ਕੀਤੀ, “ਕੋਈ ਚੰਗੀ ਤਰਾਂ ਕਲਪਨਾ ਕਰ ਸਕਦਾ ਹੈ ਕਿ ਬਾਕੀ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਿੰਨੀ ਚਿੰਤਾਜਨਕ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ 14 ਮਾਰਚ ਨੂੰ ਜਲੰਧਰ ਨੇੜੇ ਇੱਕ ਪਿੰਡ ‘ਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਬਰਤਾਨੀਆ ‘ਚ ਮੁੜ-ਵੱਸਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਇਨਸਾਫ਼ ਲੈਣ ਲਈ ਉਨ੍ਹਾਂ ਦੀ ਪਤਨੀ ਹੁਣ ਤੱਕ ਸੰਘਰਸ਼ ਕਰ ਰਹੀ ਹੈ। ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਇੱਕ ਕਬੱਡੀ ਖਿਡਾਰੀ, ਧਰਮਿੰਦਰ ਸਿੰਘ ਦਾ 6 ਅਪ੍ਰੈਲ ਨੂੰ ਪਟਿਆਲਾ ਵਿੱਚ ਕਤਲ ਕਰ ਦਿੱਤਾ ਗਿਆ ਸੀ ।
“ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਬੇਰਹਿਮੀ ਨਾਲ ਹੋਏ ਕਤਲ ਨੂੰ ਕੌਣ ਭੁੱਲ ਸਕਦਾ ਹੈ? ਆਪ ਸਰਕਾਰ ਦੇ ਇਨਸਾਫ਼ ਦਿਵਾਉਣ ਨੂੰ ਲੈ ਕੇ ਢਿੱਲੇ ਰਵੱਈਏ ਤੋਂ ਪੂਰੀ ਤਰਾਂ ਨਿਰਾਸ਼ ਹੋ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆਂ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਦੇਸ਼ ਛੱਡ ਕੇ ਚਲੇ ਜਾਣਗੇ।”
ਬਾਜਵਾ ਨੇ ਦੱਸਿਆ ਕਿ ਖ਼ੌਫ਼ਨਾਕ ਗੈਂਗਸਟਰ ਦੀਪਕ ਟੀਨੂੰ ਅਤੇ ਇੱਕ ਨਸ਼ਾ ਤਸਕਰ ਅਮਰੀਕ ਸਿੰਘ ਪੁਲਸ ਹਿਰਾਸਤ ‘ਚੋਂ ਫ਼ਰਾਰ ਹੋ ਗਏ ਸਨ। “ਪੰਜਾਬ ਦੇ ਲੋਕ ਲਗਾਤਾਰ ਵੱਧ ਰਹੇ ਜੁਰਮਾਂ ਅਤੇ ਗੈਂਗਸਟਰਵਾਦ ਕਾਰਨ ਅਸੁਰੱਖਿਆਂ ਦੀ ਭਾਵਨਾ ਨਾਲ ਜੂਝ ਰਹੇ ਹਨ। ਇਨਸਾਫ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਦੇਸ਼ ਛੱਡਣ ਕੇ ਜਾਣ ਦੀਆਂ ਧਮਕੀਆਂ ਦੇ ਰਹੇ ਹਨ। ਬਾਜਵਾ ਨੇ ਅੱਗੇ ਕਿਹਾ, “ਇਹ ਉਸ ਤਰਾਂ ਦਾ ਬਦਲਾਓ ਨਹੀਂ ਹੈ ਜਿਹੜਾ ਲੋਕ ਆਪ ਦੀ ਸਰਕਾਰ ਨੂੰ ਚੁਣ ਕੇ ਚਾਹੁੰਦੇ ਸਨ ।”