ਨਿਊਜ਼ ਡੈਸਕ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਉੱਤੇ ਕਾਤਲਾਨਾ ਹਮਲੇ ਦੀ ਖ਼ਬਰ ਆ ਰਹੀ ਹੈ । ਵਜ਼ੀਰਾਬਾਦ ਵਿੱਚ ਇਕ ਰੈਲੀ ਦੌਰਾਨ ਜਦੋਂ ਇਮਰਾਨ ਖ਼ਾਨ ਇੱਕ ਚਲਦੇ ਟਰੱਕ ਉੱਤੇ ਖੜ੍ਹੇ ਹੋ ਭਾਸ਼ਣ ਦੇ ਰਹੇ ਸਨ ਤਾਂ ਅਚਾਨਕ ਇਕ ਬੰਦੂਕਧਾਰੀ ਨੇ ਉਨ੍ਹਾਂ ਦੇ ਕਾਫ਼ਲੇ ਉੱਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਮਿਲ ਰਹੀਆਂ ਖਬਰਾਂ ਮੁਤਾਬਕ ਗਨ ਖਾਨ ਦੇ ਲੱਤ ਵਿੱਚ ਗੋਲੀ ਲੱਗੀ ਹੈ ਪਰ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਖਬਰਾਂ ਮੁਤਾਬਕ ਰੈਲੀ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ ਦੇ ਕਾਰਕੁਨ ਅਤੇ ਸਪੋਟਰ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਹਨ । ਗੋਲੀ ਲੱਗਣ ਤੋਂ ਬਾਅਦ ਇਮਰਾਨ ਖਾਨ ਨੂੰ ਵਜ਼ੀਰਾਬਾਦ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ । ਦੱਸ ਦੇਈਏ ਕਿ ਇਮਰਾਨ ਖ਼ਾਨ ਨੁੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਪ੍ਰੈਲ ਮਹੀਨੇ ਚ ਉਤਾਰੇ ਜਾਣ ਤੋਂ ਬਾਅਦ ਮੁੜ ਚੋਣਾਂ ਵਿਚ ਹਿੱਸਾ ਲੈਣ ਲਈ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਮਰਾਨ ਖ਼ਾਨ ਨੇ ਆਪਣੇ ਛੇ ਦਿਨਾਂ ਦੇ ਇਸ ਦੌਰੇ ਦੌਰਾਨ ਲਾਹੌਰ ਤੋਂ ਇਸਲਾਮਾਬਾਦ ਤਕ ਮਾਰਚ ਕੱਢੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ ।
ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਬੁਲਾਰੇ ਫਵਾਦ ਚੌਧਰੀ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਦੇ ਨੇੜਲੇ ਆਗੂ ਫ਼ੈਜ਼ ਜਾਵੇਦ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਹਨ। ਫ਼ੈਜ਼ ਜਾਵੇਦ ਅਤੇ ਇਮਰਾਨ ਖਾਨ ਨੂੰ ਗੋਲੀ ਲੱਗੀ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੁਲੀਸ ਮੁਤਾਬਕ ਇਕ ਬੰਦੂਕਧਾਰੀ ਨੇ ਇਮਰਾਨ ਖ਼ਾਨ ਦੀ ਰੈਲੀ ਵੇਲੇ ਕਾਫ਼ਲੇ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇਮਰਾਨ ਖ਼ਾਨ ਅਤੇ ਕਈ ਆਗੂ ਜ਼ਖ਼ਮੀ ਹੋਏ ਹਨ । ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਜ਼ਿਕਰਯੋਗ ਹੈ ਕਿ ਇਹ ਗੋਲੀਬਾਰੀ ਦਾ ਹਮਲਾ ਉਸ ਵਕਤ ਹੋਇਆ ਜਦੋਂ ਸਾਬਕਾ ਪ੍ਰਧਾਨਮੰਤਰੀ ਅਤੇ ਕ੍ਰਿਕਟਰ ਇਮਰਾਨ ਖ਼ਾਨ ਪੂਰਬੀ ਪੰਜਾਬ ਦੇ ਜ਼ਿਲ੍ਹਾ ਵਜ਼ੀਰਾਬਾਦ ਵਿਚੋਂ ਆਪਣੀ ਪਾਰਟੀ ਦੇ ਲੀਡਰਾਂ ਅਤੇ ਕਾਰਕੁਨਾਂ ਸਮੇਤ ਰੈਲੀ ਕਰਦੇ ਹੋਏ ਇਕ ਕਾਫਲੇ ਦੇ ਰੂਪ ਵਿੱਚ ਚੱਲ ਰਹੇ ਸਨ। ਖ਼ਾਨ ਕਈ ਟਰੱਕਾਂ ਅਤੇ ਕਾਰਾਂ ਦੇ ਕਾਫਲੇ ਨਾਲ ਲਾਹੌਰ ਤੋਂ ਇਸਲਾਮਾਬਾਦ ਤਕ ਰੈਲੀਆਂ ਕਰ ਰਹੇ ਹਨ। ਇਸ ਤਰੀਕੇ ਇਮਰਾਨ ਖ਼ਾਨ ਦੀ ਪਾਰਟੀ ਦਾ ਮਕਸਦ ਮੌਜੂਦਾ ਸਰਕਾਰ ਦੇ ਖ਼ਿਲਾਫ਼ ਮੁਜ਼ਾਹਰੇ ਕਰਨਾ ਹੈ ਅਤੇ ਸਰਕਾਰ ਤੇ ਦਬਾਅ ਬਣਾ ਕੇ ਪਹਿਲਾਂ ਚੋਣਾਂ ਕਰਵਾਉਣਾ ਦੱਸਿਆ ਜਾ ਰਿਹਾ ਹੈ।