ਚੰਡੀਗੜ੍ਹ –
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਲੋਕ ਭਰਮਾਊ ਵਾਅਦਿਆਂ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮਿਸ਼ਨ ਪੰਜਾਬ 2022’ ਤਹਿਤ ਚੋਣ ਪ੍ਰਚਾਰ ਦੌਰਾਨ ਫਰਵਰੀ 2022 ਦੀਆਂ ਚੋਣ ਰੈਲੀਆਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਝੂਠਾ ਵਾਅਦਾ ਕਰ ਕੇ ਲੋਕਾਂ ਨੂੰ ਭਰਮਾਇਆ।
ਬਾਜਵਾ ਨੇ ਕਿਹਾ ਕਿ ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਹੀਂ ਹਨ। ਪਰ ਸੱਤਾ ਹਥਿਆਉਣ ਤੋਂ ਬਾਅਦ ਹਕੀਕਤ ਬਿਲਕੁਲ ਸਾਹਮਣੇ ਆ ਗਈ ਹੈ। ਪੰਜਾਬ ਦੇ ਲੋਕ ‘ਬਦਲਾਓ’ ਦੇ ਵਾਅਦੇ ਵੱਲੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਕਿਉਂਕਿ ਪ੍ਰਸ਼ਾਸਨ ਵਿੱਚ ਪੂਰੀ ਤਰਾਂ ਪਾਰਦਰਸ਼ਤਾ ਨਹੀਂ ਹੈ। “ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਮੇਰੇ ਵੱਲੋਂ ਆਰ ਟੀ ਆਈ ਕਾਨੂੰਨ ਦੇ ਅਧੀਨ ਸਕਿਉਰਿਟੀ ਵਿੰਗ ਅਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਤੋਂ ਜਾਣਕਾਰੀ ਮੰਗੀ ਗਈ ਸੀ ਕਿ 15 ਮਾਰਚ 2007 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵੱਖ ਵੱਖ ਮੁੱਖ ਮੰਤਰੀਆਂ ਨੂੰ ਕਿੰਨੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਵਿੱਚ ਪੰਜਾਬ ਦੇ ਵੱਖ ਵੱਖ ਮੁੱਖ ਮੰਤਰੀਆਂ ਨੂੰ ਮੁਹੱਈਆ ਕਰਵਾਏ ਗਏ ਸੁਰੱਖਿਆ ਮੁਲਾਜ਼ਮਾਂ ਦਾ ਵੇਰਵਾ ਵੀ ਮੰਗਿਆ ਗਿਆ ਸੀ। ਪਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, ਪੰਜਾਬ ਵੱਲੋਂ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਜਾਣਕਾਰੀ ਦੇਣ ਤੋਂ ਗ਼ਲਤ ਢੰਗ ਨਾਲ ਆਰ ਟੀ ਆਈ ਕਾਨੂੰਨ ਦੀ ਧਾਰਾ 24(4) ਅਤੇ 8 ਦੇ ਤਹਿਤ ਇਨਕਾਰ ਕੀਤਾ”, ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ।
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਲੋਕਾਂ ਦੀ ਸੁਰੱਖਿਆ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ ਅਤੇ ਸੁਰੱਖਿਆ ਵਾਹਨਾਂ ਅਤੇ ਕਰਮਚਾਰੀਆਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਆਪਣੇ ਤੋਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਪਛਾੜ ਦਿੱਤਾ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਅਖੌਤੀ ਅਹੁਦੇਦਾਰਾਂ ਦੇ ਰਿਸ਼ਤੇਦਾਰਾਂ ਸਮੇਤ ਦੂਰ-ਦੁਰਾਡੇ ਦੇ ਰਿਸ਼ਤੇਦਾਰ ਵੀ ਮੁੱਖ ਮੰਤਰੀ ਨੂੰ ਦਿੱਤੀ ਗਈ ਸੁਰੱਖਿਆ ਦੀ ਆੜ ਵਿੱਚ ਸਰਕਾਰੀ ਗੱਡੀਆਂ ਦੀ ਦੁਰਵਰਤੋਂ ਕਰ ਰਹੇ ਹਨ।
ਸਿਰਫ਼ ਰਿਸ਼ਤੇਦਾਰ ਹੀ ਨਹੀਂ, ਇੱਥੋਂ ਤੱਕ ਕਿ ‘ਆਪ’ ਦੇ ਆਗੂ ਜੋ ਪੰਜਾਬ ਨਾਲ ਨਹੀਂ ਜੁੜੇ, ਉਨ੍ਹਾਂ ਦਾ ਨਾਮ ਵੀ ਲਾਭਪਾਤਰਾਂ ਦੀ ਸੂਚੀ ਵਿੱਚ ਆਉਂਦਾ ਹੈ।
ਬਾਜਵਾ ਨੇ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦਾ ਮੁੱਖ ਉਦੇਸ਼ ਫ਼ੈਸਲੇ ਲੈਣ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਹੈ। ਸੂਚਨਾ ਤੋਂ ਇਨਕਾਰ ਕਰਨਾ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਛੋਟ ਦੇਣ ਵਾਲੀ ਸ਼ਰਤ ਦੀ ਆੜ ਹੇਠ ਮੌਜੂਦਾ ਪ੍ਰਬੰਧ ਦੇ ਨਜਾਇਜ਼ ਕੰਮਾਂ ਨੂੰ ਸਾਬਤ ਕਰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਦਾ ਨਾਅਰਾ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਹਥਿਆਉਣ ਲਈ ਵਰਤਿਆ ਗਿਆ। ਸੱਤਾ ਹਥਿਆਉਣ ਦੀ ਆਮ ਆਦਮੀ ਪਾਰਟੀ ਦੀ ਭੁੱਖ ਨੂੰ ਮਿਟਾਉਣ ਲਈ ਸਰਕਾਰੀ ਖ਼ਜ਼ਾਨੇ ਅਤੇ ਮਸ਼ੀਨਰੀ ਦੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਦੁਰਵਰਤੋਂ ਮੌਜੂਦਾ ਸਰਕਾਰ ਨੂੰ ਆਪਣੇ ਅਸਲੀ ਰੰਗ ਵਿੱਚ ਦਰਸਾਉਂਦੀ ਹੈ।