ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਹਿੰਦੂਤਵ ਦਾ ਮੁਕਾਬਲਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ।
ਵੜਿੰਗ ਨੇ ਕਿਹਾ ਕਿ ਲੋਕਪ੍ਰਿਅਤਾ ਮੁਕਾਬਲੇ ‘ਚ ਅਸਫਲ ਰਹਿਣ ਤੋਂ ਬਾਅਦ ਕੇਜਰੀਵਾਲ ਹੁਣ ਗੁਜਰਾਤ ‘ਚ ਜਿੱਤ ਲਈ ਹਿੰਦੂਤਵ ਦੇ ਮੁਕਾਬਲੇ ‘ਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਇਕ ਵਾਰ ਫਿਰ ਫੇਲ ਹੋਣਗੇ। ਕਿਉਂਕਿ ਲੋਕ ਉਨ੍ਹਾਂ ਦੀ ਨਿਰਾਸ਼ਾਵਾਦੀ ਸੋਚ ਨੂੰ ਸਮਝਣ ਦੇ ਸਮਰੱਥ ਹਨ।
ਕਰੰਸੀ ਨੋਟਾਂ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਨ ਦੀ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ‘ਤੇ ਚੁਟਕੀ ਲੈਂਦਿਆਂ, ਵੜਿੰਗ ਨੇ ਕਿਹਾ ਕਿ ਭਾਰਤ ਦੇ ਲੋਕ, ਖਾਸ ਕਰਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵੋਟਰ ਇੰਨੇ ਸੂਝਵਾਨ ਹਨ ਕਿ ਉਹ ਇਨ੍ਹਾਂ ਦੀ ਝੂਠੀ ਧਾਰਮਿਕਤਾ ਦੇ ਵਿਖਾਵੇ ਵਿੱਚ ਫਸ ਜਾਣ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਬਾਰੇ ਝੂਠੇ ਦਾਅਵਿਆਂ ਨਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਹਿੰਦੂਤਵ ਪੱਖੀ ਵਜੋਂ ਪੇਸ਼ ਕਰਨ ਦੀ ਨਵੀਂ ਰਣਨੀਤੀ ਅਪਣਾਈ ਹੈ। ਜਿਨ੍ਹਾਂ ਨੇ ਵੋਟਾਂ ਲਈ ਹਿੰਦੂਤਵ ਦਾ ਪ੍ਰਚਾਰ ਕਰਨ ਵਿੱਚ ਭਾਜਪਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਵੜਿੰਗ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਕੇਜਰੀਵਾਲ ਹਿੰਦੂਤਵ ਦੇ ਏਜੰਡੇ ‘ਤੇ ਹੀ ਕੰਮ ਕਰ ਰਹੇ ਹਨ ਅਤੇ ਉਹ ਖੁਦ ਸਾਬਤ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਬਿਲਕਿਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ‘ਤੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਵਰਗੇ ਨੇਤਾਵਾਂ ਦੀ ਚੁੱਪੀ ਇਹ ਵੀ ਦਰਸਾਉਂਦੀ ਹੈ ਕਿ ‘ਆਪ’ ਭਾਜਪਾ ਦੀ ਸਿਰਫ ਬੀ ਟੀਮ ਹੈ ਅਤੇ ਇਹ ਉਸਦੀ ਵਿਚਾਰਧਾਰਾ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰ ਸਕਦੀ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਹ ਵੀ ਕੇਜਰੀਵਾਲ ਦੀ ਇਸ ਮੰਗ ਨਾਲ ਸਹਿਮਤ ਹਨ ਕਿ ਕਰੰਸੀ ਦੇ ਨੋਟਾਂ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਹਨ।