ਮੁਲਾਇਮ ਸਿੰਘ ਯਾਦਵ ਦੇ ਦੇਹਾਂਤ ਨਾਲ ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਨਿਵੇਕਲੀ ਕਿਸਮ ਦੇ ਯੁੱਗ ਦਾ ਅੰਤ ਹੋ ਗਿਆ। ਇਸ ਤੱਥ ਤੋਂ ਕਦੀ ਇਨਕਾਰ ਨਹੀਂ ਕੀਤਾ ਜਾ ਸਕੇਗਾ ਕਿ ਉਸ ਨੇ ਪਛੜੀਆਂ ਜਾਤਾਂ ਨੂੰ ਸੂਬੇ ਤੇ ਦੇਸ਼ ਦੀ ਸਿਆਸਤ ਵਿਚ ਸਨਮਾਨਯੋਗ ਸਥਾਨ ਦਿਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਪਰ ਨਾਲ ਹੀ ਇਹ ਸਵਾਲ ਵੀ ਬਣਿਆ ਰਹੇਗਾ ਕਿ ਪਰਿਵਾਰ ਦੇ ਮੋਹ ਕਾਰਨ ਉਹ ਉਸ ਸਮਾਜਵਾਦੀ ਵਿਚਾਰਧਾਰਾ ਜਿਸ ਵਿਚ ਵਿਸ਼ਵਾਸ ਰੱਖਣ ਦਾ ਉਹ ਦਾਅਵਾ ਕਰਦਾ ਸੀ, ਨਾਲ ਵਫ਼ਾ ਨਾ ਨਿਭਾ ਸਕਿਆ। ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਦਾ ਪਰਿਵਾਰਵਾਦ ਦਾ ਸ਼ਿਕਾਰ ਹੋਣਾ ਅਜਿਹਾ ਵਰਤਾਰਾ ਹੈ ਜਿਸ ਦੀਆਂ ਜੜ੍ਹਾਂ ਸਮਾਜ ਵਿਚ ਭਾਰੂ ਜਾਗੀਰਦਾਰੀ ਵਿਚਾਰਧਾਰਾ ਵਿਚ ਪਈਆਂ ਹਨ।
ਮੁਲਾਇਮ ਸਿੰਘ ਯਾਦਵ ਨੇ ਆਪਣਾ ਸਿਆਸੀ ਸਫ਼ਰ ਰਾਮ ਮਨੋਹਰ ਲੋਹੀਆ ਦੀ ਸੰਯੁਕਤ ਸੋਸ਼ਲਿਸਟ ਪਾਰਟੀ ਤੋਂ ਸ਼ੁਰੂ ਕੀਤਾ ਤੇ 1967 ਵਿਚ ਪਹਿਲੀ ਵਾਰ ਵਿਧਾਇਕ ਚੁਣਿਆ ਗਿਆ। ਉਹ ਲੋਹੀਆ ਦੀ ਸਮਾਜਵਾਦੀ ਵਿਚਾਰਧਾਰਾ ਜਿਸ ਵਿਚ ਭਾਰਤ ਵਿਚ ਪ੍ਰਚਲਿਤ ਜਾਤੀ ਪ੍ਰਥਾ ਦੀ ਭੂਮਿਕਾ ਨੂੰ ਅਹਿਮ ਮੰਨਿਆ ਗਿਆ ਸੀ, ਤੋਂ ਪ੍ਰਭਾਵਿਤ ਸੀ। ਉਹ ਹੋਰ ਸਮਾਜਵਾਦੀ ਤੇ ਕਿਸਾਨ ਆਗੂਆਂ ਜਿਵੇਂ ਜੈਪ੍ਰਕਾਸ਼ ਨਾਰਾਇਣ, ਚੌਧਰੀ ਚਰਨ ਸਿੰਘ, ਰਾਜ ਨਾਰਾਇਣ ਅਤੇ ਹੋਰਨਾਂ ਤੋਂ ਵੀ ਪ੍ਰਭਾਵਿਤ ਹੋਇਆ। ਐਮਰਜੈਂਸੀ ਦਾ ਵਿਰੋਧ ਕਰਨ ਕਾਰਨ ਉਹ ਨਜ਼ਰਬੰਦ ਰਿਹਾ। ਸੰਯੁਕਤ ਸੋਸ਼ਲਿਸਟ ਪਾਰਟੀ ਦੇ ਬਿਖਰਨ ਤੋਂ ਬਾਅਦ ਉਹ ਭਾਰਤੀ ਕਰਾਂਤੀ ਦਲ, ਭਾਰਤੀ ਲੋਕ ਦਲ, ਜਨਤਾ ਦਲ, ਲੋਕ ਦਲ ਅਤੇ ਜਨਤਾ ਪਾਰਟੀ ਦਾ ਮੈਂਬਰ ਬਣਿਆ। 1982 ਵਿਚ ਉਸ ਨੇ ਆਪਣੀ ਸਮਾਜਵਾਦੀ ਪਾਰਟੀ ਬਣਾਈ। ਉਹ 10 ਵਾਰ ਵਿਧਾਇਕ ਅਤੇ 7 ਵਾਰ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ; ਇਸ ਤੋਂ ਪਤਾ ਲੱਗਦਾ ਹੈ ਕਿ ਉਹ ਹਰਮਨਪਿਆਰਾ ਆਗੂ ਸੀ। 1989 ਵਿਚ ਉਹ ਪਹਿਲੀ ਵਾਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਅਤੇ ਬਾਅਦ ਵਿਚ ਦੋ ਵਾਰ (1993-96 ਅਤੇ 2003-07) ਫਿਰ ਇਸ ਅਹੁਦੇ ’ਤੇ ਰਿਹਾ। 1996 ਦੀ ਸਾਂਝਾ ਮੋਰਚਾ ਸਰਕਾਰ ਵਿਚ ਉਹ ਕੇਂਦਰੀ ਰੱਖਿਆ ਮੰਤਰੀ ਬਣਿਆ। 1997 ਵਿਚ ਦੇਵਗੌੜਾ ਦੇ ਅਸਤੀਫ਼ੇ ਤੋਂ ਬਾਅਦ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਪ੍ਰਮੁੱਖ ਉਮੀਦਵਾਰ ਸੀ ਪਰ ਆਖ਼ਰੀ ਮੌਕੇ ਹੋਈ ਸਿਆਸੀ ਜੋੜ-ਤੋੜ ਕਾਰਨ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣਿਆ। 1990 ਤੋਂ ਮੰਡਲ ਕਮਿਸ਼ਨ ਲਾਗੂ ਕਰਨ ਤੋਂ ਪੈਦਾ ਹੋਏ ਰੁਝਾਨਾਂ ਕਾਰਨ ਭਾਰਤ ਦੀ ਸਿਆਸਤ ਵਿਚ ਵੱਡਾ ਮੋੜ ਆਇਆ ਅਤੇ ਜਾਤ ਆਧਾਰਿਤ ਸਿਆਸਤ ਦੋ ਦਹਾਕਿਆਂ ਤਕ ਹਾਵੀ ਰਹੀ। ਇਸ ਦੌਰ ਵਿਚ ਮੁਲਾਇਮ ਸਿੰਘ ਯਾਦਵ, ਲਾਲੂ ਪ੍ਰਸਾਦ ਯਾਦਵ, ਨਿਤੀਸ਼ ਕੁਮਾਰ ਅਤੇ ਹੋਰ ਆਗੂ ਸਾਹਮਣੇ ਆਏ। 1980ਵਿਆਂ ਦੇ ਅਖ਼ੀਰ ਵਿਚ ਬਾਬਰੀ ਮਸਜਿਦ ਤੋੜਨ ਲਈ ਉੱਠੀ ਲਹਿਰ ਦਾ ਵਿਰੋਧ ਕਰਨ ਕਰ ਕੇ ਉਸ ਨੂੰ ਸੂਬੇ ਦੇ ਮੁਸਲਮਾਨ ਭਾਈਚਾਰੇ ਦੀ ਹਮਾਇਤ ਹਾਸਲ ਹੋਈ। ਮੁਲਾਇਮ ਸਿੰਘ ਯਾਦਵ ਦੀ ਵਿਰਾਸਤ ਨੂੰ ਵੀ ਤਿੰਨ ਮੁੱਖ ਪੱਖਾਂ ਤੋਂ ਵਿਚਾਰਿਆ ਜਾਵੇਗਾ: ਪਹਿਲਾ, ਸਮਾਜਵਾਦੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਲੋਕ ਨਿਰੋਲ ਜਾਤੀਵਾਦੀ ਸਿਆਸਤ ਦਾ ਸ਼ਿਕਾਰ ਕਿਵੇਂ ਹੋਏ; ਦੂਸਰਾ, ਇਨ੍ਹਾਂ ਆਗੂਆਂ ਨੇ ਪਰਿਵਾਰ ਆਧਾਰਿਤ ਪਾਰਟੀਆਂ ਕਿਉਂ ਬਣਾਈਆਂ; ਤੀਸਰਾ, ਇਨ੍ਹਾਂ ਨੇ ਬਹੁਤ ਵਾਰ ਸਿਆਸੀ ਮੌਕਾਪ੍ਰਸਤੀ ਦਿਖਾਈ। ਇਹ ਆਗੂ ਲਤਾੜੇ ਵਰਗਾਂ ਦੇ ਵੱਡੇ ਮੁਹਾਜ਼ ਵੀ ਨਾ ਬਣਾ ਸਕੇ ਜਿਵੇਂ ਜਾਤੀ ਤੇ ਜਮਾਤੀ ਦ੍ਰਿਸ਼ਟੀਕੋਣ ਤੋਂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਮੁਹਾਜ਼ ਬਣਨਾ ਸੁਭਾਵਿਕ ਸਮਾਜਿਕ ਤੇ ਸਿਆਸੀ ਜ਼ਰੂਰਤ ਸੀ ਪਰ ਅਜਿਹਾ ਹੋ ਨਾ ਸਕਿਆ। ਇਸ ਸਭ ਕੁਝ ਦੇ ਬਾਵਜੂਦ ਮੁਲਾਇਮ ਨੇ ਪਛੜੀਆਂ ਜਾਤਾਂ ਦੇ ਸ਼ਕਤੀਕਰਨ ਵਿਚ ਵੱਡੀ ਭੂਮਿਕਾ ਨਿਭਾਈ। ਉਸ ਨੇ ਉੱਤਰ ਪ੍ਰਦੇਸ਼ ਵਿਚ ਯਾਦਵਾਂ ਤੇ ਮੁਸਲਮਾਨਾਂ ਦਾ ਵਿਸ਼ਵਾਸ ਜਿੱਤਣ ਕਾਰਨ ਬਹੁਤ ਦੇਰ ਤਕ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਪੈਰ ਨਹੀਂ ਲੱਗਣ ਦਿੱਤੇ। ਭਾਰਤੀ ਸਮਾਜ ਵਿਚਲੀਆਂ ਜਟਿਲਤਾਵਾਂ ਕਾਰਨ ਉਹ ਕੌਮੀ ਪੱਧਰ ਦਾ ਆਗੂ ਨਾ ਬਣ ਸਕਿਆ। ਉਸ ਨੇ 2004 ਦੀਆਂ ਲੋਕ ਸਭਾ ਚੋਣਾਂ ਕੌਮੀ ਪੱਧਰ ’ਤੇ ਵੱਡੀ ਭੂਮਿਕਾ ਨਿਭਾਉਣ ਲਈ ਲੜੀਆਂ ਸਨ ਪਰ ਕਾਂਗਰਸ ਤੇ ਖੱਬੇ-ਪੱਖੀ ਪਾਰਟੀਆਂ ਵਿਚ ਹੋਏ ਸਮਝੌਤੇ ਕਾਰਨ ਉਹ ਸੱਤਾ ਤੋਂ ਬਾਹਰ ਰਿਹਾ। 2012 ਵਿਚ ਉਸ ਨੇ ਉੱਤਰ ਪ੍ਰਦੇਸ਼ ਦੀ ਸੱਤਾ ਆਪਣੇ ਪੁੱਤਰ ਅਖਿਲੇਸ਼ ਯਾਦਵ ਨੂੰ ਸੌਂਪ ਦਿੱਤੀ ਜਿਸ ਕਾਰਨ ਪਰਿਵਾਰ ਵਿਚ ਵੱਡੇ ਮੱਤਭੇਦ ਪੈਦਾ ਹੋਏ। ਮੁਲਾਇਮ ਸਿੰਘ ਯਾਦਵ ਨੂੰ ਸੰਘਰਸ਼ਸ਼ੀਲ ਆਗੂ ਅਤੇ 1990ਵਿਆਂ ਤੇ ਇਸ ਸਦੀ ਦੇ ਪਹਿਲੇ ਦਹਾਕੇ ਵਿਚ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਨ ਵਾਲੇ ਆਗੂ ਵਜੋਂ ਯਾਦ ਕੀਤਾ ਜਾਵੇਗਾ। ਉਹ ਉਨ੍ਹਾਂ ਆਗੂਆਂ ਵਿਚੋਂ ਸੀ ਜੋ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਕੌਮੀ ਪੱਧਰ ’ਤੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਪਰ ਪਰਿਵਾਰਵਾਦ ਤੇ ਹੋਰ ਕਮਜ਼ੋਰੀਆਂ ਕਾਰਨ ਅਜਿਹਾ ਨਾ ਕਰ ਸਕੇ।