ਫ਼ਿਰੋਜ਼ਪੁਰ 23 ਜੂਨ (ਦਲਜੀਤ ਸਿੰਘ)- 9 ਜੂਨ ਨੂੰ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਫ਼ਿਰੋਜ਼ਪੁਰ ਸ਼ਹਿਰ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਸ਼ਮਸ਼ਾਨਘਾਟ ਦੇ ਬਾਹਰ ਅਤੇ ਅੰਦਰ ਪੰਜਾਬ ਪੁਲਸ ਵੱਲੋਂ ਡੀ.ਐਸ.ਪੀ. ਵਰਿੰਦਰ ਸਿੰਘ ਅਤੇ ਐੱਸ.ਐੱਚ.ਓ. ਮਨੋਜ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ।
ਬਠਿੰਡਾ ਦੀ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਦੇ ਲਈ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਘੜਾ ਤੋੜਨ ਅਤੇ ਜੈਪਾਲ ਨੂੰ ਅਗਨੀ ਭੇਂਟ ਕਰਨ ਦੀ ਰਸਮ ਉਸਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਅਦਾ ਕੀਤੀ। ਉਸ ਦੇ ਸਸਕਾਰ ਦੇ ਬਾਅਦ ਪੁਲਸ ਤੁਰੰਤ ਉਸ ਨੂੰ ਵਾਪਸ ਲੈ ਗਈ। ਸਸਕਾਰ ਤੋਂ ਪਹਿਲਾਂ ਅੰਤਿਮ ਰਸਮਾਂ ਅਦਾ ਕਰਦੇ ਸਮੇਂ ਪਰਿਵਾਰ ਦੀਆਂ ਔਰਤਾਂ ਅਤੇ ਪਰਿਵਾਰਕ ਮੈਂਬਰ ਗ਼ਮਗੀਨ ਅਤੇ ਰੋਂਦੇ ਹੋਏ ਦਿਖਾਈ ਦਿੱਤੇ।