ਬਠਿੰਡਾ, 7 ਜੁਲਾਈ (ਦਲਜੀਤ ਸਿੰਘ)- ਬਠਿੰਡਾ ‘ਚ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਐਸ. ਐਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕੁਲਵੀਰ ਨਰੂਆਣਾ ਅਤੇ ਉਸ ਦੇ ਇਕ ਸਾਥੀ ਚਮਕੌਰ ਸਿੰਘ ਨੂੰ ਉਸ ਦੇ ਹੀ ਸੁਰੱਖਿਆ ਗਾਰਡ ਨੇ ਗੋਲੀਆਂ ਨਾਲ ਭੁੰਨ ਦਿੱਤਾ। ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਸਵੇਰ ਦੇ ਸਮੇਂ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦੋਂ ਤਲਵੰਡੀ ਵਾਸੀ ਮੰਨਾ ਨਾਂ ਦਾ ਵਿਅਕਤੀ ਕੁਲਵੀਰ ਨਾਲ ਗੱਡੀ ‘ਚ ਬੈਠ ਗਿਆ। ਉਕਤ ਵਿਅਕਤੀ ਕੁਲਵੀਰ ਨਾਲ ਹੀ ਰਹਿੰਦਾ ਸੀ। ਉਸ ਨੇ ਚਾਹ ਪੀਣ ਦੇ ਬਹਾਨੇ ਗੱਡੀ ‘ਚ ਬੈਠ ਕੇ ਕੁਲਵੀਰ ਨੂੰ ਤਿੰਨ ਗੋਲੀਆਂ ਮਾਰੀਆਂ, ਜਿਸ ਕਾਰਨ ਕੁਲਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਜ਼ਖਮੀ ਹੋਏ ਕੁਲਵੀਰ ਦੇ ਸਾਥੀ ਚਮਕੌਰ ਸਿੰਘ ਦੀ ਹਸਪਤਾਲ ‘ਚ ਮੌਤ ਹੋ ਗਈ।
ਸੂਤਰਾਂ ਮੁਤਾਬਕ ਦੋਸ਼ੀ ਨੂੰ ਪੁਲਸ ਨੇ ਘੇਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਵੀ ਗੋਲੀ ਲੱਗੀ ਹੈ ਪਰ ਪੁਲਸ ਵੱਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਜੂਨ ਨੂੰ ਵੀ ਕੁਲਵੀਰ ਨਰੂਆਣਾ ‘ਤੇ ਫਾਇਰਿੰਗ ਕਰਦੇ ਹੋਏ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਹਮਲੇ ‘ਚ ਕੁਲਵੀਰ ਨਰੂਆਣਾ ਬੁਲੇਟ ਪਰੂਫ ਗੱਡ ਹੋਣ ਕਾਰਨ ਵਾਲ-ਵਾਲ ਬਚ ਗਿਆ ਸੀ ਪਰ ਇਸ ਵਾਰ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।