ਖੇਡ ਮੰਤਰੀ ਨੇ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਚੰਡੀਗੜ੍ਹ, 15 ਸਤੰਬਰ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਸਟ੍ਰੇਲੀਆ ਵਿਖੇ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਚੁਣੇ ਜਾਣ ‘ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਨਿੱਜੀ ਤੌਰ ‘ਤੇ ਮਿਲ ਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਸ਼ੁਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗਾ।

ਖੇਡ ਮੰਤਰੀ ਨੇ ਚੰਡੀਗੜ੍ਹ ਸਥਿਤ ਸੈਕਟਰ 24 ਦੇ ਕ੍ਰਿਕਟ ਗਰਾਊਂਡ ਵਿਖੇ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕਰਦਿਆਂ ਉਸ ਵਲੋਂ ਥੋੜ੍ਹੇ ਸਮੇਂ ‘ਚ ਹੀ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ‘ਚ ਬਿਹਤਰੀਨ ਪ੍ਰਦਰਸ਼ਨ ਸਦਕਾ ਛੱਡੀ ਛਾਪ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ ਅੱਜ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ‘ਚ ਚੰਗੇ ਪ੍ਰਦਰਸ਼ਨ ਨਾਲ ਟੀਮ ‘ਚ ਜਗ੍ਹਾ ਬਣਾਈ ਅਤੇ 11 ਮੈਚਾਂ ਦੇ ਕੌਮਾਂਤਰੀ ਕਰੀਅਰ ‘ਚ ਆਖ਼ਰੀ (ਡੈਥ) ਓਵਰਾਂ ‘ਚ ਟੀਮ ਦਾ ਅਹਿਮ ਖਿਡਾਰੀ ਬਣ ਗਿਆ।

ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਅਕਤੂਬਰ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ‘ਚ ਚੰਗੀ ਖੇਡ ਅਤੇ ਭਾਰਤੀ ਟੀਮ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਅਰਸ਼ਦੀਪ ਸਿੰਘ ਦਾ ਪ੍ਰੈਕਟਿਸ ਸੈਸ਼ਨ ਦੇਖਦਿਆਂ ਉਸ ਦੀ ਖੇਡ ਦਾ ਆਨੰਦ ਮਾਣਿਆ ਅਤੇ ਉਸ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਤੋਂ ਪਹਿਲਾਂ ਖੇਡ ਮੰਤਰੀ ਨੇ ਸੈਕਟਰ 16 ਅਕੈਡਮੀ ਦੇ ਖਿਡਾਰੀਆਂ ਨਾਲ ਖ਼ੁਦ ਬੱਲੇਬਾਜ਼ੀ ਦੀ ਨੈਟ ਪ੍ਰੈਕਟਿਸ ਵੀ ਕੀਤੀ। ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ, ਅਕੈਡਮੀ ਦੇ ਕੋਚ ਜਸਵੰਤ ਰਾਏ, ਸੰਜੇ ਦਹੀਆ ਤੇ ਅਸ਼ਵਨੀ ਗਰਗ ਵੀ ਹਾਜ਼ਰ ਸਨ।

Leave a Reply

Your email address will not be published. Required fields are marked *