1984 ’ਚ ਜੋ ਹੋਇਆ, ਉਹ ਦੰਗੇ ਨਹੀਂ, ਕਤਲੇਆਮ ਸੀ : ਦਿਲਜੀਤ ਦੋਸਾਂਝ

ਮੁੰਬਈ (ਬਿਊਰੋ)– ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਆਗਾਮੀ ਫ਼ਿਲਮ ‘ਜੋਗੀ’ 1984 ਦੇ ਸਿੱਖ ਵਿਰੋਧੀ ਦੰਗਿਆਂ ’ਤੇ ਆਧਾਰਿਤ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਕਤਲੇਆਮ ਕਿਹਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਕਤਲ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹਿੰਸਾ ਭੜਕ ਉਠੀ ਸੀ। ਪੂਰੇ ਭਾਰਤ ’ਚ ਲਗਭਗ ਤਿੰਨ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਕਤਲ ਦਿੱਲੀ ’ਚ ਹੋਏ ਸਨ।
ਉਸੇ ਸਾਲ ਜਨਵਰੀ ’ਚ ਪੈਦਾ ਹੋਏ ਦਿਲਜੀਤ ਦੋਸਾਂਝ ਨੇ ਇਕ ਇੰਟਰਵਿਊ ’ਚ ਕਿਹਾ, ‘‘ਸਾਨੂੰ ਇਸ ਨੂੰ ਦੰਗੇ ਨਹੀਂ ਕਹਿਣਾ ਚਾਹੀਦਾ, ਇਸ ਲਈ ਸਹੀ ਸ਼ਬਦ ਕਤਲੇਆਮ ਹੈ। ਜਦੋਂ ਲੋਕਾਂ ਵਿਚਾਲੇ ਦੋ ਤਰਫਾ ਲੜਾਈ ਹੁੰਦੀ ਹੈ ਤਾਂ ਇਹ ਦੰਗਾ ਕਹਾਉਂਦਾ ਹੈ। ਮੇਰੇ ਹਿਸਾਬ ਨਾਲ ਇਸ ਨੂੰ ਕਤਲੇਆਮ ਕਿਹਾ ਜਾਣਾ ਚਾਹੀਦਾ ਹੈ।’’

ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ’ਚ ਬਣੀ ਹਿੰਦੀ ਫੀਚਰ ਫ਼ਿਲਮ ‘ਜੋਗੀ’ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ’ਚ ਸਿੱਖ ਭਾਈਚਾਰੇ ਦੇ ਦਰਦ ਨੂੰ ਬਿਆਨ ਕਰੇਗੀ।
ਫ਼ਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫ਼ਿਲਮ 1984 ’ਚ ਵਾਪਰੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਦਾ ਸਾਂਝਾ ਚਿੱਤਰਨ ਹੈ। ਨੈੱਟਫਲਿਕਸ ’ਤੇ ਇਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

Leave a Reply

Your email address will not be published. Required fields are marked *