ਸਿਰਸਾ, 17 ਜੁਲਾਈ (ਪ੍ਰਭੂ ਦਿਆਲ)- ਕਿਸਾਨਾਂ ’ਤੇ ਦੇਸ਼ਧ੍ਰੋਹ ’ਤੇ ਦਰਜ ਮੁਕਦਮੇ ਰੱਦ ਕਰਵਾਉਣ ’ਤੇ ਜੇਲ੍ਹ ਭੇਜੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਲੰਮੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ ਤੇ ਗੇਟ ਅੱਗੇ ਹੀ ਸੜਕ ’ਤੇ ਪੱਕਾ ਮੋਰਚਾ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੇਤ ਤੇ ਬਲਦੇਵ ਸਿੰਘ ਸਿਰਸਾ, ਜਗਜੀਤ ਸਿੰਘ ਦਲੇਵਾਲ, ਵਿਕਾਸ ਸਿਸਰ, ਰਵੀ ਆਜਾਦ ਆਦਿ ਨੇ ਸਾਝੇ ਤੌਰ ’ਤੇ ਕੀਤੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਦੀ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਕਿਸਾਨਾਂ ਦਾ ਮਿੰਨੀ ਸਕੱਤਰੇਤ ਦੇ ਬਾਹਰ ਇਹ ਮੋਰਚਾ ਜਾਰੀ ਰਹੇਗਾ।
ਜਿਕਰਯੋਗ ਹੈ ਕਿ ਸਿਰਸਾ ਵਿੱਚ ਬੀਤੀ 11 ਜੁਲਾਈ ਨੂੰ ਜ਼ਿਲ੍ਹਾ ਭਾਜਪਾ ਵੱਲੋਂ ਪਾਰਟੀ ਕਾਰਕੁਨਾਂ ਦੀ ਵਰਕਸ਼ਾਪ ਰੱਖੀ ਸੀ, ਜਿਸ ਨੂੰ ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਰਣਵੀਰ ਸਿੰਘ ਗੰਗਵਾ ਨੇ ਸੰਬੋਧਨ ਕੀਤਾ ਸੀ। ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦਾ ਕਾਫਲਾ ਯੂਨੀਵਰਸਿਟੀ ਤੋਂ ਬਾਹਰ ਆਇਆ ਤਾਂ ਇਸ ਦੌਰਾਨ ਕਿਸਾਨਾਂ ਨੇ ਮੁੜ ਤੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਿਸੇ ਨੇ ਡਿਪਟੀ ਸਪੀਕਰ ਦੀ ਗੱਡੀ ’ਤੇ ਪੱਥਰ ਸੁੱਟ ਦਿੱਤਾ ਜਿਸ ਨਾਲ ਗੱਡੀ ਦਾ ਮਗਰਲਾ ਸ਼ੀਸ਼ਾ ਟੁੱਟ ਗਿਆ। ਇਸ ਮਗਰੋਂ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਕਿਸਾਨਾਂ ਵੱਲੋਂ ਬਾਬਾ ਭੂਮਣ ਸ਼ਾਹ ਚੌਕ ਸਮੇਤ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਸੜਕਾਂ ਜਾਮ ਕੀਤੀਆਂ ਗਈਆਂ ਤਾਂ ਪੁਲੀਸ ਨੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ। ਇਸੇ ਦੌਰਾਨ ਸੀਡੀਐਲਯੂ ਦੇ ਗੇਟ ’ਤੇ ਬਤੌਰ ਡਿਊਟੀ ਮੈਜਿਸਟਰੇਟ ਸੁਸ਼ੀਲ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੋ ਨਾਮਜਦਮ ਕਿਸਾਨਾਂ ਤੋਂ ਇਲਾਵਾ ਸੌ ਹੋਰ ਕਿਸਾਨਾਂ ’ਤੇ ਦੇਸ਼ਧ੍ਰੋਹ ਸਮੇਤ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਉਧਰੀ ਏਐਸਆਈ ਪ੍ਰੇਮ ਕੁਮਾਰ ਦੀ ਸ਼ਿਕਾਇਤ ’ਤੇ ਇਕ ਨਾਮਜਦ ਕਿਸਾਨ ਤੋਂ ਇਲਾਵਾ ਸੌ ਹੋਰ ਕਿਸਾਨਾਂ ਤੇ ਮੁਕਦਮਾ ਦਰਜ ਕਰ ਲਿਆ। ਇਸ ਮੁਕਦਮੇ ਵਿੱਚ ਦੇਸ਼ਧ੍ਰੋਹ ਦੀ ਕਿਸਾਨਾਂ ’ਤੇ ਧਾਰਾ ਨਹੀਂ ਲਾਈ ਗਈ ਜਦੋਂਕਿ 307 ਤੇ ਹੋਰ ਗਈ ਸੰਗੀਨ ਅਪਰਾਧ ਵਾਲੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਕਿਸਾਨਾਂ ’ਤੇ ਦੇਸ਼ਧ੍ਰੋਹ ਦਾ ਮੁਕਦਮਾ ਦਰਜ ਕੀਤਾ ਜਾਣ ਮਗਰੋਂ ਬੀਤੇ ਦਿਨ ਪੁਲੀਸ ਨੇ ਵੱਖ-ਵੱਖ ਪਿੰਡਾਂ ਚੋਂ ਪੰਜ ਕਿਸਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੁਡੀਸ਼ਲ ਜੇਲ੍ਹ ਭੇਜ ਦਿੱਤਾ ਗਿਆ। ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਵੱਲੋਂ 15 ਜੁਲਾਈ ਨੂੰ ਐਸਪੀ ਦੇ ਦਫ਼ਤਰ ਦਾ ਘੇਰਾਓ ਕੀਤਾ ਗਿਆ ਤੇ ਕਿਸਾਨ ਆਗੂਆਂ ਨੇ ਇਸ ਘਟਨਾ ਦੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਜਾਣਕਾਰੀ ਦਿੱਤੀ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਲਾਏ ਜਾਣ ਦੇ ਵਿਰਧ ਵਿੱਚ ਅੱਜ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਮਹਾਂਪੰਚਾਇਤ ਬੁਲਾਈ ਗਈ ਸੀ। ਕਿਸਾਨਾਂ ਦੀ ਇਸ ਮਹਾਂਪੰਚਾਇਤ ’ਤੇ ਮੱਧੇਨਜ਼ਰ ਪੂਰੇ ਸਿਰਸਾ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਹਰਿਆਣਾ ਪੁਲੀਸ ਤੋਂ ਇਲਾਵਾ ਆਰਪੀਐਫ ਤੇ ਭਾਰਤ ਤਿਬਤ ਫੌਰਸ ਦੀਆਂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ। ਕਿਸਾਨਾਂ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਤੱਕ ਪਹੁੰਚਣ ਲਈ ਕਾਫੀ ਜਦੋਜਹਿਦ ਕਰਨੀ ਪਈ। ਕਿਸਾਨ ਪੁਲੀਸ ਵੱਲੋਂ ਲਾਏ ਗਏ ਕਈ ਨਾਕਿਆਂ ਨੂੰ ਤੋੜਦੇ ਹੋਏ ਸ਼ਹੀਦ ਭਗਤ ਸਿੰਘ ਸਟੇਡੀਅਮ ਪੁੱਜੇੇ ਕਿਸਾਨਾਂ ਦੇ ਭਾਰੀ ਇੱਕਠ ਨੂੰ ਵੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਜਿਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਅੱਗੇ ਗੱਲਬਾਤ ਦੀ ਤਜਵੀਜ ਰਖੀ ਜਿਸ ਨੂੰ ਕਿਸਾਨਾਂ ਨੇ ਪ੍ਰਵਾਨ ਕਰ ਲਿਆ।
ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਫੀ ਲੰਮੀ ਗੱਲਬਾਤ ਚਲੀ ਪਰ ਰਹੀ ਬੇਸਿੱਟਾ। ਮੀਟਿੰਗ ਤੋਂ ਬਾਹਰ ਆ ਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਪ੍ਰਸ਼ਾਸਨ ਆਪਣੀ ਜਿੱਦ ’ਤੇ ਅੜਿ੍ਆ ਹੋਇਆ ਹੈ ਕਿ ਜੇਲ੍ਹ ਭੇਜੇ ਗਏ ਕਿਸਾਨਾਂ ਦੀ ਰਿਹਾਈ ਕੋਰਟ ਤੋਂ ਜਮਾਨਤਾ ਦੇ ਜਰੀਏ ਕਰਵਾਈ ਜਾਏ। ਇਸ ਮਗਰੋਂ ਕਿਸਾਨ ਆਗੂਆਂ ਨੇ ਕਿਸਾਨੀ ਦੀ ਰਾਏ ਲਈ ਜਿਸ ਵਿੱਚ ਫੈਸਲਾ ਹੋਇਆ ਕਿ ਕਿਸਾਨਾਂ ਦੀ ਰਿਹਾਈ ਤੱਕ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾਇਆ ਜਾਏ। ਇਸ ਮੋਰਚਾ ਲਾਏ ਜਾਣ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੇਤ ਨੇ ਕੀਤਾ। ਇਸ ਮਗਰੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੇ ਕਿਸਾਨਾਂ ਨੂੰ ਮੁੱਖ ਗੇਟ ਤੋਂ ਅੱਗੇ ਜਾਣ ਦੀ ਇਜਾਜਤ ਨਹੀਂ ਦਿੱਤੀ ਜਿਸ ਮਗਰੋਂ ਕਿਸਾਨਾਂ ਨੇ ਉਥੇ ਹੀ ਸੜਕ ਉਤੇ ਧਰਨਾ ਲਾ ਦਿੱਤਾ।