ਚਮੋਲੀ , 23 ਅਕਤੂਬਰ (ਬਿਊਰੋ)— ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਬੀਤੇ ਦਿਨੀਂ ਉੱਤਰਾਖੰਡ ਵਿਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਹੈ। ਬਰਫ਼ਬਾਰੀ ਮਗਰੋਂ ਸ੍ਰੀ ਹੇਮਕੁੰਟ ਸਾਹਿਬ ਦੀ ਕੁਦਰਤੀ ਖੂਬਸੂਰਤੀ ’ਚ ਨਿਖਾਰ ਆ ਗਿਆ ਹੈ।
ਓਧਰ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉੱਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ’ਚ 2 ਫੁੱਟ ਤਕ ਦੀ ਬਰਫ਼ ਜੰਮ ਗਈ ਹੈ ਅਤੇ ਇੱਥੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 18 ਸਤੰਬਰ ਨੂੰ ਖੋਲ੍ਹੇ ਗਏ ਸਨ। ਮੌਸਮ ਖਰਾਬ ਹੋਣ ਦੇ ਚੱਲਦੇ ਕਿਵਾੜ ਜਲਦੀ ਬੰਦ ਕਰ ਦਿੱਤੇ ਗਏ। ਦੱਸ ਦੇਈਏ ਕਿ ਹੇਮਕੁੰਟ ਸਾਹਿਬ ਦੇ ਕਿਵਾੜ ਹਮੇਸ਼ਾ ਮਈ ਮਹੀਨੇ ਖੋਲ੍ਹ ਦਿੱਤੇ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਿਵਾੜ ਸਾਢੇ ਤਿੰਨ ਮਹੀਨੇ ਦੇਰੀ ਨਾਲ ਖੋਲ੍ਹੇ ਗਏ ਸਨ।
ਮੌਸਮ ਖਰਾਬ ਹੋਣ ਕਾਰਨ 10 ਅਕਤੂਬਰ ਨੂੰ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ। ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਮਗਰੋਂ ਮੌਸਮ ਠੰਡਾ ਹੋ ਗਿਆ ਹੈ। ਸ੍ਰੀ ਹੇਮਕੁੰਟ ਸਾਹਿਬ ਵੀ ਬਰਫ਼ ਨਾਲ ਢਕਿਆ ਗਿਆ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਸਵੇਰ ਦੀ ਸ਼ੁਰੂਆਤ ਧੁੰਦ ਨਾਲ ਹੋਣੀ ਸ਼ੁਰੂ ਹੋ ਗਈ ਹੈ।