ਚੰਡੀਗੜ੍ਹ- ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਵੱਲੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਕਾਂਗਰਸ ਭਵਨ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਨੂੰ ਕਾਂਗਰਸ ਭਵਨ ‘ਚ ਐਂਟਰੀ ਨਹੀਂ ਦਿੱਤੀ ਗਈ। ਇਸ ਤੋਂ ਨਾਰਾਜ਼ ਹੋ ਕੇ ਪ੍ਰਤਾਪ ਸਿੰਘ ਬਾਜਵਾ ਉੱਥੋਂ ਵਾਪਸ ਚਲੇ ਗਏ। ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕਾਂਗਰਸ ਭਵਨ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਤੇ ਗੁੱਸਾ ਕੱਢਦੇ ਹੋਏ ਦਿਖਾਈ ਦਿੱਤੇ।
ਦਰਅਸਲ ਅੱਜ ਕਾਂਗਰਸ ਵੱਲੋਂ ਚੰਡੀਗੜ੍ਹ ‘ਚ ਵਿਜੀਲੈਂਸ ਬਿਓਰੋ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਾਬਕਾ ਕਾਂਗਰਸੀ ਆਗੂਆਂ ‘ਤੇ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਭਵਨ ਆਏ ਸਨ। ਜਦੋਂ ਉਨ੍ਹਾਂ ਦੀ ਗੱਡੀ ਕਾਂਗਰਸ ਭਵਨ ਪੁੱਜੀ ਤਾਂ ਬਾਜਵਾ ਦੀ ਗੱਡੀ ਲਈ ਗੇਟ ਨਹੀਂ ਖੋਲ੍ਹਿਆ ਗਿਆ। ਪੁਲਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਗੇਟ ਖ਼ਰਾਬ ਹੈ।
ਪ੍ਰਤਾਪ ਸਿੰਘ ਬਾਜਵਾ ਗੱਡੀ ਤੋਂ ਉਤਰ ਕੇ ਅੰਦਰ ਗਏ ਪਰ ਥੋੜ੍ਹੀ ਦੇਰ ਬਾਅਦ ਹੀ ਉਹ ਬਾਹਰ ਆ ਕੇ ਗੱਡੀ ‘ਚ ਬੈਠੇ ਅਤੇ ਵਾਪਸ ਚਲੇ ਗਏ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ। ਹਾਲਾਂਕਿ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਵੀ ਝਾੜ ਪਾਈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਸ ਮੁਲਾਜ਼ਮ ਨੇ ਬਦਤਮੀਜ਼ੀ ਕੀਤੀ ਹੈ ਤਾਂ ਉਸ ਨੂੰ ਇੱਥੋਂ ਦੀ ਡਿਊਟੀ ਤੋਂ ਹਟਾ ਦਿੱਤਾ ਜਾਵੇਗਾ।