ਪਟਨਾ– ਬਿਹਾਰ ਦੇ ਪਟਨਾ ਜ਼ਿਲ੍ਹੇ ਚ ਗੌਰੀਚੱਕ ਥਾਣਾ ਖੇਤਰ ਅਧੀਨ ਇਕ ਨੌਜਵਾਨ ਦੀ ਹੱਤਿਆ ਤੋਂ ਭੜਕੇ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਾਫ਼ਲੇ ’ਤੇ ਹਮਲਾ ਕਰ ਦਿੱਤਾ ਅਤੇ 4 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।
ਅਧਿਕਾਰਤ ਸੂਤਰਾਂ ਨੇ ਐਤਵਾਰ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਦੇ ਕਾਫਲੇ ਦੀਆਂ ਗੱਡੀਆਂ ਗਯਾ ਵੱਲ ਜਾ ਰਹੀਆਂ ਸਨ ਕਿ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਪ੍ਰਸ਼ਾਸਨ ਦੀਆਂ ਗੱਡੀਆਂ ਸਮਝ ਕੇ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਨਾਲ ਨਿਤੀਸ਼ ਕੁਮਾਰ ਕਾਫਲੇ ਦੇ ਕਿਸੇ ਵੀ ਵਾਹਨ ਵਿੱਚ ਨਹੀਂ ਸਨ।
ਜ਼ਿਕਰਯੋਗ ਹੈ ਕਿ ਨੌਜਵਾਨ ਦੀ ਲਾਸ਼ ਨੂੰ ਲੈ ਕੇ ਸਥਾਨਕ ਲੋਕ ਗੌਰੀਚੱਕ ਥਾਣਾ ਖੇਤਰ ’ਚ ਸੜਕ ’ਤੇ ਜਾਮ ਲਾ ਕੇ ਪ੍ਰਦਰਸ਼ਨ ਕਰ ਰਹੇ ਸਨ। ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਅਤੇ ਐਤਵਾਰ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਨਿਤੀਸ਼ ਕੁਮਾਰ ਨੇ ਸੋਮਵਾਰ ਸੋਕੇ ਦਾ ਜਾਇਜ਼ਾ ਲੈਣ ਅਤੇ ਹੋਰ ਸਰਕਾਰੀ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਗਯਾ ਜਾਣਾ ਹੈ। ਇਸ ਲਈ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਇਕ ਦਿਨ ਪਹਿਲਾਂ ਹੀ ਪਟਨਾ ਤੋਂ ਰਵਾਨਾ ਹੋ ਰਹੀਆਂ ਸਨ।