ਪਠਾਨਕੋਟ- ਪਠਾਨਕੋਟ ਜ਼ਿਲ੍ਹੇ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਰਹੱਦੀ ਇਲਾਕੇ ਬਾਮਿਆਲ ‘ਚ ਬਰਸਾਤੀ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ। ਇਸ ਪਾਣੀ ‘ਚ ਬਾਮਿਆਲ ਪੁਲਸ ਚੌਂਕੀ ਵੀ ਪੂਰੀ ਤਰ੍ਹਾਂ ਡੁੱਬ ਗਈ। ਉੱਜ ਦਰਿਆ ਵੀ ਪੂਰੇ ਊਫ਼ਾਨ ‘ਤੇ ਹੈ। ਕਿਸਾਨਾਂ ਦੀ ਕਈ ਏਕੜ ਫ਼ਸਲ ਪਾਣੀ ‘ਚ ਡੁੱਬ ਚੁੱਕੀ ਹੈ। ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਬਾਮਿਆਲ ਦੇ ਲੋਕਾਂ ਦਾ ਆਉਣਾ-ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ।
ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਜ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਦੇ ਨਾਲ ਹੀ ਇਲਾਕੇ ‘ਚ ਦਰਿਆ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਇੰਝ ਹੀ ਮੀਂਹ ਪੈਂਦਾ ਰਿਹਾ ਅਤੇ ਉੱਜ ਦਰਿਆ ਦਾ ਪਾਣੀ ਹੋਰ ਵਧਿਆ ਤਾਂ ਪੂਰਾ ਇਲਾਕਾ ਪਾਣੀ ‘ਚ ਡੁੱਬ ਜਾਵੇਗਾ। ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸਾਨਾਂ ਦਾ ਇੰਨਾ ਨੁਕਸਾਨ ਹੋਣ ਦੇ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ ਹੈ।