PM Modi: ਪ੍ਰਧਾਨ ਮੰਤਰੀ ਮੋਦੀ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਵਿੱਚ ਸਫਾਰੀ ’ਤੇ ਗਏ

ਸਾਸਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਸੋਮਵਾਰ ਸਵੇਰ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਗਿਰ ਵਾਈਲਡਲਾਈਫ ਸੈਂਚੁਰੀ ਵਿਖੇ ਸ਼ੇਰ ਦੀ ਸਫਾਰੀ ’ਤੇ ਗਏ। ਮੋਦੀ ਨੇ ਸੋਮਨਾਥ ਤੋਂ ਆਉਣ ਤੋਂ ਬਾਅਦ ਸਾਸਨ ਵਿੱਚ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਪ੍ਰਬੰਧਤ ਇੱਕ ਜੰਗਲੀ ਗੈਸਟ ਹਾਊਸ ਸਿੰਘ ਸਦਨ ਵਿੱਚ ਇੱਕ ਰਾਤ ਗੁਜ਼ਾਰੀ, ਜਿਥੇ ਉਨ੍ਹਾਂ ਐਤਵਾਰ ਸ਼ਾਮ ਨੂੰ 12 ਜਯੋਤਿਰਲਿੰਗਾਂ ਵਿੱਚੋਂ ਪਹਿਲੇ ਭਗਵਾਨ ਸ਼ਿਵ ਮੰਦਰ ਵਿੱਚ ਪੂਜਾ ਕੀਤੀ।

ਸਿੰਘ ਸਦਨ ਤੋਂ ਪ੍ਰਧਾਨ ਮੰਤਰੀ ਸ਼ੇਰ ਸਫਾਰੀ ’ਤੇ ਗਏ ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਮੰਤਰੀ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗਿਰ ਵਾਈਲਡਲਾਈਫ ਸੈਂਚੁਰੀ ਦੇ ਮੁੱਖ ਦਫਤਰ ਸਾਸਨ ਗਿਰ ਵਿਚ ਪ੍ਰਧਾਨ ਮੰਤਰੀ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ਼ ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ ਅਤੇ ਇਸ ਉਪਰੰਤ ਮੀਟਿੰਗ ਤੋਂ ਬਾਅਦ ਮੋਦੀ ਸਾਸਨ ਵਿਖੇ ਕੁਝ ਮਹਿਲਾ ਜੰਗਲਾਤ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਨਗੇ।

ਇੱਕ ਸਰਕਾਰੀ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਏਸ਼ੀਆਈ ਸ਼ੇਰਾਂ ਦੀ ਸਾਂਭ ਸੰਭਾਲ ਦੇ ਪ੍ਰੋਜੈਕਟ ਲਾਇਨ ਲਈ 2,900 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਹੈ, ਜਿਸ ਲਈ ਗੁਜਰਾਤ ਇੱਕਲੌਤਾ ਨਿਵਾਸ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਏਸ਼ੀਆਈ ਸ਼ੇਰ ਗੁਜਰਾਤ ਦੇ 9 ਜ਼ਿਲ੍ਹਿਆਂ ਵਿੱਚ 53 ਤਾਲੁਕਾਂ ਵਿੱਚ ਲਗਭਗ 30,000 ਵਰਗ ਕਿਲੋਮੀਟਰ ਵਿੱਚ ਰਹਿੰਦੇ ਹਨ।

Leave a Reply

Your email address will not be published. Required fields are marked *