ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ ਹੈ ਜਿਸ ਵਿੱਚ ਪਿਆਰ, ਵਿਛੋੜਾ ਤੇ ਦਿਲ-ਟੁੰਭਵਾਂ ਗੀਤ ਸੰਗੀਤ ਵੀ ਹੈ। ਆਮ ਵਿਸ਼ਿਆਂ ਤੋਂ ਹਟਕੇ ਬਣੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਦੀ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅਦਾਕਾਰ ਗੁਰਨਾਮ ਭੁੱਲਰ ਵੀ ਇੱਕ ਵਿਸ਼ੇਸ਼ ਕਿਰਦਾਰ ਵਿੱਚ ਦਰਸ਼ਕਾਂ ਨੂੰ ਪ੍ਰਭਾਵਤ ਕਰੇਗਾ। ਜ਼ਿਕਰਯੋਗ ਹੈ ਕਿ ਅਜੇ ਸਰਕਾਰੀਆਂ ਦੀ ਇਹ ਦੂਜੀ ਫ਼ਿਲਮ ਹੈ ਜਦਕਿ ਪਹਿਲੀ ਫ਼ਿਲਮ ‘ਅੜਬ ਮੁਟਿਆਰਾਂ’ ਸੀ ਜਿਸ ਵਿੱਚ ਉਸਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲਿਆ ਸੀ। ਇਸ ਵਿਚਲਾ ਕਿਰਦਾਰ ਵੀ ਉਸਦੀ ਅਦਾਕਾਰੀ ਦੇ ਕਈ ਰੰਗ ਪੇਸ਼ ਕਰੇਗਾ। ਅਜੇ ਸਰਕਾਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਇੱਕ ਕਾਮੇਡੀ ਭਰਪੂਰ ਲਵ ਸਟੋਰੀ ਹੈ ਜਿਸ ਵਿੱਚ ਦੋ ਪਿਆਰ ਕਰਨ ਵਾਲੇ ਦਿਲਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਵਿਦੇਸ਼ਾਂ ਵਿੱਚ ਪੜ੍ਹਨ ਗਏ ਨੌਜਵਾਨਾਂ ਦੀ ਆਪਣੇ ਦੇਸ਼ ਪ੍ਰਤੀ, ਸੱਭਿਆਚਾਰ ਤੇ ਸੰਸਕਾਰਾਂ ਦੀ ਪ੍ਰਤੀਨਿਧਤਾਂ ਵੀ ਕਰਦੀ ਹੈ। ਇਸ ਫ਼ਿਲਮ ਵਿੱਚ ਅਜੇ ਨੇ ਹੈਰੀ ਨਾਂ ਦੇ ਇੱਕ ਅਜਿਹੇ ਸੰਸਕਾਰੀ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਸੱਤ ਸੁਮੰਦਰੋਂ ਪਾਰ ਆ ਕੇ ਵੀ ਆਪਣੇ ਵਿਰਸੇ ਅਤੇ ਅਸੂਲਾਂ ਨਾਲ ਜੁੜਿਆ ਹੋਇਆ ਹੈ। ਉਹ ਬਾਹਰ ਬੈਠਾ ਵੀ ਘਰੇ ਬੈਠੇ ਮਾਪਿਆਂ ਦਾ ਆਗਿਆਕਾਰ ਹੈ। ਆਪਣੇ ਦੋਸਤਾਂ ਵਾਂਗ ਉਹ ਵੀ ਵਿਦੇਸ਼ੀ ਮਾਹੌਲ ਦੀ ਖੁੱਲੀ ਹਵਾ ਵਿੱਚ ਆਜ਼ਾਦ ਪੰਛੀ ਬਣ ਕੇ ਉਡਾਰੀਆਂ ਮਾਰਨਾ ਚਾਹੁੰਦਾ ਹੈ ਪਰ ਪਰਿਵਾਰਕ ਦਬਾਓ ਦੀ ਕੈਂਚੀ ਨੇ ਉਸਦੇ ਪਰ ਕੁਤਰੇ ਹੋਏ ਹਨ। ਉਤਲੇ ਮਨੋ ਖੁਸ਼ ਰਹਿਣ ਵਾਲਾ ਹੈਰੀ ਅੰਦਰੋ ਤਨਾਓ ਭਰੀ ਜਿੰਦਗੀ ਜਿਓੁਂ ਰਿਹਾ ਹੈ। ਇਸੇ ਤਨਾਓ ਵਿੱਚ ਘਿਰਿਆ ਆਖਿਰ ਉਹ ਖੁਦਕੁਸ਼ੀ ਦੇ ਰਾਹ ਵੱਲ ਕਦਮ ਵਧਾਉਂਦਾ ਹੈ ਪਰ ਐਨ ਮੌਕੇ ਸਿਰ ਲਾਡੋ ਨਾਂ ਦੀ ਪੰਜਾਬਣ ਕੁੜੀ ਉਸਨੂੰ ਬਚਾਅ ਲੈਂਦੀ ਹੈ। ਲਾਡੋ( ਸੋਨਮ ਬਾਜਵਾ) ਖੁੱਲ੍ਹੇ ਸੁਭਾਓ ਦੀ ਬੇਪ੍ਰਵਾਹ ਕੁੜੀ ਹੈ। ਉਹ ਹੈਰੀ ਨੂੰ ਤਨਾਓ ਮੁਕਤ ਕਰਨ ਦਾ ਯਤਨ ਕਰਦੀ ਹੈ। ਇਸੇ ਦੌਰਾਨ ਹੈਰੀ ਉਸਦੀਆਂ ਰੇਸ਼ਮੀ ਜੁਲਫ਼ਾਂ ‘ਚ ਕੈਦ ਹੋ ਜਾਂਦਾ ਹੈ। ਜਿਉਂ ਹੀ ਨੇੜਤਾ ਦਾ ਸਮਾਂ ਆਉਂਦਾ ਹੈ ਤੀਸਰਾ ਪਾਤਰ ਸ਼ਾਇਰ ਗੁਰਨਾਮ ਭੁੱਲਰ ਦੀ ਆਮਦ ਹੈਰੀ ਨੂੰ ਗਲਤਫ਼ਹਿਮੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਵਾਇਟਹਿੱਲ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਅਜੇ ਸਰਕਾਰੀਆ, ਗੁਰਨਾਮ ਭੁੱਲਰ, ਰਾਜ ਸ਼ੋਕਰ, ਬਨਿੰਦਰ ਬੰਨੀ, ਸਵਿੰਦਰ ਮਾਹਲ ਤੇ ਸੁੱਖੀ ਚਾਹਲ ਨੇ ਅਹਿਮ ਕਿਰਦਾਰ ਨਿਭਾਏ ਹਨ। ਖ਼ਾਸ ਗੱਲ ਕਿ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ‘ਅੜਬ ਮੁਟਿਆਰਾਂ’ ਫ਼ਿਲਮ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਭਾਵੇਂਕਿ ਇਸ ਫ਼ਿਲਮ ਦੀ ਜਿਆਦਾਤਰ ਸੂਟਿੰਗ ਯੂ ਕੇ ਵਿੱਚ ਹੋਈ ਹੈ ਪ੍ਰੰਤੂ ਫ਼ਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ ਬੋਲੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕਰੇਗੀ। ਇਸ ਫ਼ਿਲਮ ਵਿਚਲੀ ਤਿਕੋਣੇ ਪਿਆਰ ਦੀ ਕਹਾਣੀ ਸੁਮੀਰ ਪੁੰਨੂ ਤੇ ਮਨਮੋਰਡ ਸਿੱਧੂ ਨੇ ਲਿਖੀ ਹੈ। ਸਕਰੀਨ ਪਲੇਅ ਤੇ ਡਾਇਲਾਗ ਮਨਮੋਰਡ ਸਿੰਘ ਸਿੱਧੂ, ਸੁਮੀਰ ਪੁੰਨੂ ਤੇ ਜਤਿੰਦਰ ਲਾਲ ਨੇ ਲਿਖੇ ਹਨ। 5 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਹਨ। ਪਿਆਰ ਮੁਹੱਬਤ ਦੀ ਅਨੋਖੀ ਕਹਾਣੀ ਅਧਾਰਤ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ
ਹਰਜਿੰਦਰ ਸਿੰਘ ਜਵੰਦਾ