ਲੁਧਿਆਣਾ, 15 ਜੁਲਾਈ (ਦਲਜੀਤ ਸਿੰਘ)- ਇੱਥੇ ਸ਼ਿਮਲਾਪੁਰੀ ਇਲਾਕੇ ‘ਚ ਉਸ ਸਮੇਂ ਮਾਹੌਲ ਦਹਿਸ਼ਤ ਭਰਿਆ ਬਣ ਗਿਆ, ਜਦੋਂ ਇੱਥੋਂ ਲੰਘਦੀ ਸਿੱਧਵਾਂ ਨਹਿਰ ‘ਚੋਂ ਵੱਖ-ਵੱਖ ਸਮੇਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬਰਾਮਦ ਹੋਈਆਂ ਲਾਸ਼ਾਂ ‘ਚੋਂ ਇਕ ਲਾਸ਼ 10 ਸਾਲਾ ਬੱਚੇ ਦੀ ਹੈ, ਜੋ ਕਿ ਨਹਿਰ ‘ਚ ਨਹਾਉਣ ਗਿਆ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਜਾਣਕਾਰੀ ਦਿੰਦਿਆਂ ਚੌਂਕੀ ਮਰਾਡੋ ਦੇ ਇੰਚਾਰਜ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਤਿੰਨੇ ਲਾਸ਼ਾਂ ਚੌਂਕੀ ਮਰਾਡੋ ਅਧੀਨ ਪੈਂਦੇ ਇਲਾਕੇ ‘ਚੋਂ ਬਰਾਮਦ ਹੋਈਆਂ ਹਨ।
ਇਨ੍ਹਾਂ ‘ਚੋਂ 10 ਸਾਲਾ ਬੱਚੇ ਸਮੇਤ 2 ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ। ਬੱਚੇ ਦੀ ਲਾਸ਼ ਬਾਰੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਤੀਜੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਰਖਵਾਇਆ ਗਿਆ ਹੈ। ਲਾਸ਼ਾਂ ਮਿਲਣ ਮਗਰੋਂ ਇਲਾਕੇ ਦੇ ਲੋਕਾਂ ‘ਚ ਸਹਿਮ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ।
ਉਧਰ ਚੌਂਕੀ ਬਸੰਤ ਪਾਰਕ ਦੇ ਅਧੀਨ ਆਉਂਦੇ ਸੂਰਜ ਨਗਰ ਵਿਖੇ ਇੱਕ ਪਰਵਾਸੀ ਦੀ ਲਾਸ਼ ਉਸਦੇ ਘਰ ਵਿਚੋਂ ਬਰਾਮਦ ਹੋਈ। ਚੌਂਕੀ ਬਸੰਤ ਪਾਰਕ ਦੇ ਇੰਚਾਰਜ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਾਏ ਦੇ ਕਮਰੇ ‘ਚ ਇਕੱਲਾ ਰਹਿ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਦੇ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।