ਬਠਿੰਡਾ : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਨਰਮੇ ਦੀ ਫ਼ਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਨਰਮੇ ਦੀ ਫ਼ਸਲ ਖ਼ਰਾਬ ਹੋ ਰਹੀ ਹੈ । ਜਿਸ ਦੇ ਤਹਿਤ ਅੱਜ ਮੇਰੇ ਸਮੇਤ 37 ਟੀਮਾਂ ਨੇ ਹੋਰ 6 ਜ਼ਿਲ੍ਹਿਆਂ ‘ਚ ਇਸ ਦਾ ਨਿਰੀਖਣ ਕੀਤਾ। ਜਿਸ ਤੋਂ ਬਾਅਦ ਸਾਰੀਆਂ ਟੀਮਾਂ ਨੇ ਰਿਪੋਰਟ ਤਿਆਰ ਕਰਕੇ ਵੱਧ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮਿਲੀ ਰਿਪੋਰਟ ਮੁਤਾਬਕ 7 ਜ਼ਿਲ੍ਹਿਆਂ ਵਿੱਚ 370 ਥਾਵਾਂ ‘ਤੇ ਚਿੱਟੀ ਮੱਖੀ ਦਾ ਹਮਲਾ ਬਹੁਤ ਜ਼ਿਆਦਾ ਹੈ। ਇਸ ਲਈ ਸਰਕਾਰ ਵੱਲੋਂ ਜਲਦ ਹੀ ਰਣਨੀਤੀ ਬਣਾਈ ਜਾ ਰਹੀ ਹੈ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਦਾ ਹੱਲ ਕਰਨ ਲਈ ਵਿਭਾਗ ਵੱਲੋਂ ਵੱਖ-ਵੱਖ ਟੀਮਾਂ ਨੂੰ ਪਿੰਡ ਵੰਡ ਦਿੱਤੇ ਗਏ ਹਨ, ਜਿਸ ਦੇ ਮੱਦੇਨਜ਼ਰ ਉਹ ਟੀਮਾਂ ਹਫ਼ਤੇ ‘ਚ ਦੋ ਵਾਰ ਨਿਰਧਾਰਿਤ ਕੀਤੇ ਪਿੰਡਾਂ ‘ਚ ਜਾ ਕੇ ਕਿਸਾਨਾਂ ਦਾ ਸਹਿਯੋਗ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ। ਟੀਮਾਂ ਵੱਲੋਂ ਉਪਰਾਲੇ ਕਰਨ ਤੋਂ ਬਾਅਦ ਵੀ ਜੇਕਰ ਇਸ ‘ਤੇ ਠੱਲ਼੍ਹ ਨਹੀਂ ਪਾਈ ਜਾਂਦੀ ਤਾਂ ਉਸ ਲਈ ਟੀਮਾਂ ਜਵਾਬਦੇਈ ਹੋਣਗੀਆਂ। ਇਸ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਕਿਹਾ ਕਿ 28 ਜੁਲਾਈ ਨੂੰ ਸਾਰੀਆਂ ਟੀਮਾਂ ਵੱਲੋਂ ਫਿਰ ਵੱਖ-ਵੱਖ ਪਿੰਡਾਂ ‘ਚ ਜਾ ਕੇ ਨਿਰਿਖਣ ਕੀਤੀ ਜਾਵੇਗਾ ਕਿ ਕਿਸ ਹੱਦ ਤੱਕ ਗੁਲਾਬੀ ਸੁੰਡੀ ਨਰਮੇ ਦੀ ਫ਼ਸਲ ‘ਤੇ ਹਮਲਾ ਕਰ ਰਹੀ ਹੈ। ਉਸ ਤੋਂ ਬਾਅਦ ਫਿਰ ਇਸ ‘ਤੇ ਠੱਲ੍ਹ ਪਾਉਣ ਲਈ ਰਣਨੀਤੀ ਬਣਾਈ ਜਾਵੇਗੀ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਟੀਮਾਂ ਵੱਲੋਂ ਮਿਲੀ ਰਿਪੋਰਟ ਮੁਤਾਬਕ ਕਈ ਕਿਸਾਨਾਂ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਨੂੰ ਵਾਹ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਇਸ ਲਈ ਜਲਦੀ ਹੀ ਉਪਰਾਲੇ ਕੀਤੇ ਜਾਣਗੇ ਅਤੇ ਫ਼ਸਲ ਨੂੰ ਨਾ ਵਹਾਉਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਲੁਧਿਆਣਾ ਤੋਂ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਵੀ ਮੌਜੂਦ ਹਨ।