ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ, PM ਮੋਦੀ ਨੇ ਪਾਈ ਵੋਟ

modi/nawanpunjab.com

ਨੈਸ਼ਨਲ ਡੈਸਕ- ਭਾਰਤ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਸੋਮਵਾਰ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੋਟ ਪਾਈ। ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਫਿਰ ਪਤਾ ਚੱਲੇਗਾ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਇਸ ਵਾਰ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਵਿਚ ਐੱਨ.ਡੀ.ਏ. ਵੱਲੋਂ ਉਮੀਦਵਾਰ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦ੍ਰੋਪਦੀ ਮੁਰਮੂ ਆਦਿਵਾਸੀ ਭਾਈਚਾਰੇ ਤੋਂ ਆਉਂਦੀ ਹੈ। ਉਹ ਇਸ ਤੋਂ ਪਹਿਲਾਂ 2015 ਤੋਂ 2021 ਤੱਕ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ। ਜੇਕਰ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੋਵੇਗੀ। ਦੂਜੇ ਪਾਸੇ ਯਸ਼ਵੰਤ ਸਿਨਹਾ ਨੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਸਰਕਾਰ ਵਿਚ 1990 ਤੋਂ 1991 ਤੱਕ ਅਤੇ ਫਿਰ 1998 ਤੋਂ 2002 ਤੱਕ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਵਜੋਂ ਕੰਮ ਕੀਤਾ ਹੈ। ਉਹ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। 2018 ਵਿਚ ਉਹ ਭਾਜਪਾ ਛੱਡ ਕੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।

ਯਸ਼ਵੰਤ ਸਿਨਹਾ ਬਨਾਮ ਦ੍ਰੋਪਦੀ ਮੁਰਮੂ, ਕਿਸ ਦਾ ਪੱਲਾ ਭਾਰੀ
ਰਾਸ਼ਟਰਪਤੀ ਚੋਣ ਇਸ ਵਾਰ ਦਿਲਚਸਪ ਹੋ ਸਕਦੀ ਹੈ। ਹਾਲਾਂਕਿ ਕਈ ਵਿਰੋਧੀ ਪਾਰਟੀਆਂ ਨੇ ਜਿਸ ਤਰ੍ਹਾਂ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੇ ਸਮਰਥਨ ਦੀ ਗੱਲ ਕਹੀ ਹੈ, ਉਸ ਤੋਂ ਉਨ੍ਹਾਂ ਦਾ ਪੱਲਾ ਭਾਰੀ ਮੰਨਿਆ ਜਾ ਰਿਹਾ ਹੈ। ਬੀਜੇਡੀ, ਵਾਈ.ਐੱਸ.ਆਰ.ਸੀ.ਪੀ., ਬਸਪਾ, ਏ.ਆਈ.ਏ.ਡੀ.ਐੱਮ.ਕੇ., ਟੀ.ਡੀ.ਪੀ., ਜੇ.ਡੀ. (ਐਸ), ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਅਤੇ ਜੇ.ਐੱਮ.ਐੱਮ. ਵਰਗੀਆਂ ਪਾਰਟੀਆਂ ਨੇ ਮੁਰਮੂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਹੈ। ਅਜਿਹੇ ਵਿਚ ਐੱਨ.ਡੀ.ਏ. ਲਈ ਰਾਹ ਆਸਾਨ ਹੋ ਗਿਆ ਹੈ।

Leave a Reply

Your email address will not be published. Required fields are marked *