ਜੰਮੂ, 28 ਮਈ- ਜੰਮੂ ’ਚ ਪੁਲ ਨੂੰ ਪਾਰ ਕਰਦੇ ਸਮੇਂ ਇਕ ਮਿੰਨੀ ਬੱਸ ਤਵੀ ਨਦੀ ’ਚ ਡਿੱਗ ਗਈ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਦੇਰ ਰਾਤ ਬਿਕ੍ਰਮ ਚੌਕ ਨੇੜੇ ਵਾਪਰਿਆ। ਪੁਲਸ ਨੇ ਕਿਹਾ ਕਿ ਡਰਾਈਵਰ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਅਤੇ ਪੁਲ ਪਾਰ ਕਰਦੇ ਸਮੇਂ ਉਸ ਨੇ ਆਪਣਾ ਕੰਟਰੋਲ ਗੁਆ ਦਿੱਤਾ। ਬੱਸ ਪਹਿਲਾਂ ਪੁਲ ’ਤੇ ਪੱਕੀ ਕੰਧ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਨਦੀ ’ਚ ਡਿੱਗ ਗਈ। ਇਸ ਘਟਨਾ ’ਚ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਕ ਹੋਰ ਘਟਨਾ ’ਚ ਸ਼ਨੀਵਾਰ ਨੂੰ ਹੀ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ’ਤੇ ਊਧਮਪੁਰ ਜ਼ਿਲ੍ਹੇ ਵਿਚ ਬਟੱਲ ਬਲੈਨ ਪੁਲ ’ਤੇ ਇਕ ਤੇਜ਼ ਰਫ਼ਤਾਰ ਬੱਸ ਦੇ ਪਲਟ ਜਾਣ ਨਾਲ 27 ਯਾਤਰੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬੱਸ ਜੰਮੂ ਤੋਂ ਡੋਡਾ ਜ਼ਿਲ੍ਹੇ ਵੱਲ ਜਾ ਰਹੀ ਸੀ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਹੈ। ਬਾਅਦ ’ਚ ਉਨ੍ਹਾਂ ’ਚੋਂ 6 ਜ਼ਖਮੀਆਂ ਨੂੰ ਵਿਸ਼ੇਸ਼ ਇਲਾਜ ਲਈ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।