ਖਰੜ- ਖਰੜ ‘ਚ ਅੱਜ ਦਿਨ ਚੜ੍ਹਦੇ ਹੀ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ‘ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਐਡੀਸ਼ਨਲ ਏ. ਡੀ. ਜੀ. ਪੀ. ਈਸ਼ਵਰ ਸਿੰਘ, ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਮੋਹਾਲੀ ਵਿਵੇਕ ਸ਼ੀਲ ਸੋਨੀ, ਖਰੜ ਡੀ. ਐੱਸ. ਪੀ. ਰੁਪਿੰਦਰ ਕੌਰ ਸੋਹੀ ਅਤੇ ਹੋਰ ਵੱਡੀ ਗਿਣਤੀ ‘ਚ ਪੁਲਸ ਅਫ਼ਸਰਾਂ ਨੇ ਪਾਰਸ ਪਨੋਰਮਾ ਅਤੇ ਪਾਮ ਵਿਲੇਜ਼ ‘ਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ ਚੈਕਿੰਗ ਕੀਤੀ।
ਇਸ ਦੌਰਾਨ ਕਈ ਘਰਾਂ ‘ਚ ਛਾਪਾ ਮਾਰਿਆ ਗਿਆ। ਲਗਭਗ ਦਰਜਨਾਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਸ਼ੁਰੂ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ‘ਚੋਂ ਗੈਂਗਸਟਰਾਂ ਦਾ ਖ਼ਾਤਮਾ ਕਰਨ ਲਈ ਅਜਿਹੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਮੂਹ ਥਾਣਿਆਂ ‘ਚ ਪੁਲਸ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਕਿ ਗਲਤ ਅਨਸਰਾਂ ‘ਤੇ ਹੋਰ ਵਧੇਰੇ ਸ਼ਿਕੰਜਾ ਕੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਖਰੜ ‘ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਈਆਂ ਨੂੰ ਹਿਰਾਸਤ ‘ਚ ਲਿਆ
