ਮੋਹਾਲੀ- : ਮੋਹਾਲੀ ਪੁਲਸ ਨੇ ਪਿਛਲੇ ਦਿਨੀਂ ਖ਼ੁਦ ਨੂੰ ਜੀ. ਐੱਸ. ਟੀ. ਵਿਭਾਗ ਦੇ ਮੁਲਾਜ਼ਮ ਦੱਸ ਕੇ 35 ਲੱਖ ਰੁਪਏ ਦੀ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ‘ਚ ਮੋਹਾਲੀ ਦੇ ਸੀਨੀਅਰ ਪੁਲਸ ਕਪਤਾਨ ਵਿਵੇਕਸ਼ੀਲ ਸੋਨੀ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜੁਲਾਈ ਨੂੰ ਸੰਜੀਵ ਕੁਮਾਰ ਵਾਸੀ ਖੰਨਾ ਵੱਲੋਂ ਥਾਣਾ ਸਿਟੀ ਕੁਰਾਲੀ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਕਿ 6 ਜੂਨ ਨੂੰ ਉਸ ਦੇ ਮੁਲਾਜ਼ਮਾਂ ਗੁਰਦੀਪ ਸਿੰਘ ਅਤੇ ਮੋਹਣ ਸਿੰਘ ਪਾਸੋਂ ਕੁਰਾਲੀ ਸ਼ਹਿਰ ਤੋਂ ਦਿਨ ਦੇ ਸਮੇਂ ਨਾ-ਮੂਲਮ ਵਿਅਕਤੀਆਂ ਵੱਲੋਂ ਖ਼ੁਦ ਨੂੰ ਜੀ. ਐੱਸ. ਟੀ ਦੇ ਮੁਲਾਜ਼ਮ ਦੱਸ ਕੇ 35 ਲੱਖ ਰੁਪਏ ਦੀ ਖੋਹ ਕੀਤੀ ਗਈ ਸੀ।
ਦਰਖ਼ਾਸਤ ‘ਤੇ ਕਾਰਵਾਈ ਕਰਦੇ ਹੋਏ ਪੜਤਾਲ ਕੀਤੀ ਗਈ ਅਤੇ ਸੀ. ਸੀ. ਟੀ. ਵੀ ਕੈਮਰਿਆਂ ਦੀ ਘੋਖ ਕੀਤੀ ਗਈ। ਦਰਖ਼ਾਸਤ ‘ਚ ਲਗਾਏ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਵਾਰਦਾਤ ਨੂੰ ਟਰੇਸ ਕਰਨ ਸਬੰਧੀ ਸੋਰਸ ਕਾਇਮ ਕੀਤੇ ਗਏ। ਉਪ ਕਪਤਾਨ ਪੁਲਸ ਸਬ-ਡਵੀਜ਼ਨ ਖਰੜ-2 ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਿਟੀ ਕੁਰਾਲੀ ਵੱਲੋਂ ਗਿਰੋਹ ਦੇ 4 ਮੈਂਬਰਾਂ ਗੁਰਦੀਪ ਸਿੰਘ ਉਰਫ਼ ਜੱਸੀ, ਹਰਜੀਤ ਸਿੰਘ, ਵਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਉਰਫ਼ ਚੰਨੀ ਨੂੰ ਕਾਬੂ ਕੀਤਾ ਗਿਆ ਹੈ।
ਦੋਸ਼ੀ ਹਰਜੀਤ ਸਿੰਘ ਪੁਲਸ ਮੁਲਾਜ਼ਮ ਹੈ ਅਤੇ ਇਸ ਨੇ ਮੌਕਾ ਵਾਰਦਾਤ ਸਮੇਂ ਪੁਲਸ ਦੀ ਵਰਦੀ ਪਾਈ ਹੋਈ ਸੀ। ਫਿਲਹਾਲ ਦੋਸ਼ੀਆਨ ਨੂੰ ਅਦਾਲਤ ‘ਚ ਪੇਸ਼ ਕਰਕ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਕੋਲੋਂ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।