ਦਿੜ੍ਹਬਾ ਮੰਡੀ- ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਅਤੇ ਖਜ਼ਾਨਾ ਮੰਤਰੀ ਐਂਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਦਿਨ ਰਾਤ ਇਕ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬੀਤੀ ਸਾਮ ਆੜਤੀਆਂ ਐਸੋਸੀਏਸਨ ਦਿੜ੍ਹਬਾ ਦੇ ਪ੍ਰਧਾਨ ਅਤੇ ਸੀਨੀਅਰ ‘ਆਪ’ ਆਗੂ ਦਰਸਨ ਸਿੰਘ ਘੁਮਾਣ ਦੀ ਅਗਵਾਈ ਵਿਚ ਇਕੱਠੇ ਹੋਏ ਦੁਕਾਨਦਾਰਾਂ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ‘ਆਪ’ ਸਰਕਾਰ ਦੇ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਸਾਰੇ ਵੱਡੇ ਤੇ ਇਤਿਹਾਸਕ ਫੈਸਲੇ ਲਏ ਗਏ ਹਨ।
ਜਿਨ੍ਹਾਂ ਵਿਚ ‘ਇਕ ਵਿਧਾਇਕ, ਇਕ ਪੈਨਸਨ’ , ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ ਕਬਜ਼ੇ ਛੁਡਾਉਣਾ, ਰੇਤ ਮਾਫ਼ੀਆਂ, ਸ਼ਰਾਬ ਮਾਫ਼ੀਆਂ ਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਰਗੇ ਵੱਡੇ ਕਦਮ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਲੋਕਾਂ ਨੇ ‘ਆਪ’ ਨੂੰ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ‘ਚ ਪਹਿਲੀ ਵਾਰ ਬਹੁਤ ਵੱਡਾ ਫਤਵਾ ਦਿੱਤਾ ਹੈ ਜਿਸ ਕਰਕੇ ਹੁਣ ਸਾਡਾ ਫਰਜ ਬਣਦਾ ਹੈ ਕਿ 75 ਸਾਲ ਤੋਂ ਜੋ ਸੰਤਾਪ ਪੰਜਾਬ ਦੇ ਲੋਕ ਭੋਗ ਰਹੇ ਹਨ ਸੂਬੇ ਦੇ ਲੋਕਾਂ ਨੂੰ ਉਸ ਤੋਂ ਨਿਜਾਤ ਦਿਵਾਈ ਜਾਵੇ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ , ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਬਿਨ੍ਹਾਂ ਕਿਸੇ ਪੱਖਪਾਤ ਤੋਂ ਲੋਕ ਹਿੱਤ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ‘ਚ ਪੰਜਾਬ ਦੇਸ਼ ਦਾ ਨੰਬਰ 1 ਖੁਸ਼ਹਾਲ ਸੂਬਾ ਹੋਵੇਗਾ ਅਤੇ ਸਾਡੀ ਨੌਜਵਾਨੀ ਨੂੰ ਰੁਜਗਾਰ ਦੀ ਤਲਾਸ ਵਿਚ ਵਿਦੇਸ਼ ਨਹੀਂ ਜਾਣਾ ਪਵੇਗਾ।