ਸ਼ਿਮਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਵੀਰਵਾਰ ਨੂੰ ਧਰਮਸ਼ਾਲਾ ਪਹੁੰਚੇ। ਪ੍ਰਧਾਨ ਮੰਤਰੀ ਨੇ ਸਵੇਰੇ ਧਰਮਸ਼ਾਲਾ ਪਹੁੰਚਣ ਮਗਰੋਂ ਰੋਡ ਸ਼ੋਅ ਕੀਤਾ। ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਰਹੇ। ਖੁੱਲ੍ਹੀ ਜੀਪ ‘ਚ ਸਵਾਰ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਰਵਾਇਤੀ ਪੁਸ਼ਾਕਾਂ ਵਿਚ ਸਜੇ ਵੱਖ-ਵੱਖ ਸੱਭਿਆਚਾਰਕ ਸਮੂਹਾਂ ਦੇ ਮੈਂਬਰਾਂ ਨੇ ਆਪਣੇ ਸੰਗੀਤਕ ਸਾਜ਼ਾਂ ਨਾਲ ਪੇਸ਼ਕਾਰੀ ਦਿੱਤੀ।
ਪ੍ਰਧਾਨ ਮੰਤਰੀ ਮੁੱਖ ਸਕੱਤਰਾਂ ਦੀ ਅਖਿਲ ਭਾਰਤੀ ਸੰਮੇਲਨ ਦੀ ਪ੍ਰਧਾਨਗੀ ਵੀ ਕਰਨਗੇ।ਅੱਜ ਦਿਨ ’ਚ ਉਹ ਸੰਮੇਲਨ ਦੀ ਪ੍ਰਧਾਨਗੀ ਕਰਨ ਵਾਲੇ ਹਨ। ਕੇਂਦਰੀ ਹਾਊਸਿੰਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਸੰਮੇਲਨ ਵਿਚ ਸ਼ਾਮਲ ਹੋਣਗੇ। ਸੰਮੇਲਨ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਕਰੀਬ 200 ਮਾਹਿਰ ਹਿੱਸਾ ਲੈ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸੰਮੇਲਨ ’ਚ ਸ਼ਹਿਰੀ ਸ਼ਾਸਨ, ਫਸਲੀ ਵਿਭਿੰਨਤਾ ਅਤੇ ਖੇਤੀ ਉਤਪਾਦਾਂ ਵਿਚ ਆਤਮ-ਨਿਰਭਰਤਾ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਦੀ ਭਾਗੀਦਾਰੀ ਨਾਲ ਤੇਜ਼ ਅਤੇ ਟਿਕਾਊ ਆਰਥਿਕ ਵਿਕਾਸ ‘ਤੇ ਧਿਆਨ ਦਿੱਤਾ ਜਾਵੇਗਾ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਬੁੱਧਵਾਰ ਨੂੰ ਧਰਮਸ਼ਾਲਾ HPCA ਸਟੇਡੀਅਮ ਵਿਚ ਨੀਤੀ ਆਯੋਗ ਵਲੋਂ ਆਯੋਜਿਤ ਤਿੰਨ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ। ਸੰਮੇਲਨ ਸ਼ੁੱਕਰਵਾਰ ਨੂੰ ਖਤਮ ਹੋਵੇਗਾ।