ਜੀਂਦ 24 ਮਈ – ਹਰਿਆਣਾ ਦੇ ਜੀਂਦ ਜ਼ਿਲ੍ਹੇ ’ਚ ਮੰਗਲਵਾਰ ਯਾਨੀ ਕਿ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਜੀਂਦ-ਕੈਥਲ ਹਾਈਵੇਅ ’ਤੇ ਕੰਡੇਲਾ ਪਿੰਡ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਟਰੱਕ ਅਤੇ ਪਿਕਅੱਪ ਵਿਚਾਲੇ ਟੱਕਰ ਹੋ ਗਈ। ਪਿਕਅੱਪ ’ਚ ਸਵਾਰ 6 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 17 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਸਾਰੇ ਲੋਕ ਪਰਿਵਾਰ ਦੇ ਮੁਖੀਆ ਦੀ ਮੌਤ ਮਗਰੋਂ ਹਰਿਦੁਆਰ ਤੋਂ ਅਸਥੀਆਂ ਜਲ ਪ੍ਰਵਾਹ ਕਰ ਕੇ ਵਾਪਸ ਪਰਤ ਰਹੇ ਸਨ।
ਸਾਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਟਰੱਕ ਅਤੇ ਪਿਕਅੱਪ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਵਾਜ਼ ਆਲੇ-ਦੁਆਲੇ ਦੇ ਪਿੰਡ ’ਚ ਸੁਣਾਈ ਦਿੱਤੀ। ਮ੍ਰਿਤਕਾਂ ਨੂੰ ਜੀਂਦ ਦੇ ਨਾਗਰਿਕ ਹਸਪਤਾਲ ’ਚ ਲਿਆਂਦਾ ਗਿਆ ਹੈ ਅਤੇ ਹਾਦਸੇ ’ਚ ਜ਼ਖਮੀ ਹੋਏ ਕੁਝ ਲੋਕਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।
ਓਧਰ ਜ਼ਖਮੀਆਂ ਨੇ ਦੱਸਿਆ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਸੋਮਵਾਰ ਨੂੰ ਪਰਿਵਾਰ ਦੇ ਲੋਕ ਪਿਕਅੱਪ ਗੱਡੀ ਲੈ ਕੇ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਗਏ ਸਨ। ਮੰਗਲਵਾਰ ਸਵੇਰੇ ਜਦੋਂ ਹਰਿਦੁਆਰ ਤੋਂ ਵਾਪਸ ਪਰਤ ਰਹੇ ਸਨ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਵੱਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਹਾਦਸੇ ’ਚ ਪਿਕਅੱਪ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀਆਂ ਨੂੰ ਤੁਰੰਤ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ।ਟਰੱਕ ਡਰਾਈਵਰ ਹਾਦਸੇ ਨੂੰ ਅੰਜ਼ਾਮ ਦੇ ਕੇ ਟਰੱਕ ਨੂੰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ’ਚ ਜੁਟੀ ਹੈ।