ਪਟਿਆਲਾ, 23 ਮਈ– ‘ਰੋਡ ਰੇਜ’ ਕੇਸ ਵਿੱਚ ਪਟਿਆਲਾ ਦੀ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦੀ ਅੱਜ ਸਿਹਤ ਖ਼ਰਾਬ ਹੋ ਗਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਰਾਜਿੰਦਰ ਵਿਖੇ ਲਿਆਂਦਾ ਗਿਆ ਹੈ। ਹਸਪਤਾਲ ਵਿਖੇ ਨਵਜੋਤ ਸਿੱਧੂ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵਲੋਂ ਨਵਜੋਤ ਨੇ ਟੈਸਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਨੇ ਸੁਪਰੀਮ ਕੋਰਟ ਤੋਂ ਮੈਡੀਕਲ ਗਰਾਊਂਡ ‘ਤੇ ਇਕ ਹਫ਼ਤੇ ਲਈ ਰਾਹਤ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਵਕੀਲ ਨੇ ਹਵਾਲਾ ਦਿੰਦੇ ਹੋਏ ਦੱਸਿਆ ਕਿ ਨਵਜੋਤ ਸਿੱਧੂ ਦੇ ਲੀਵਰ ’ਚ ਇਨਫੈਕਸ਼ਨ ਦੀ ਸਮੱਸਿਆ ਹੈ, ਜੋ ਡਾਕਟਰਾਂ ਵਲੋਂ ਦੱਸੇ ਗਏ ਭੋਜਨ ਦਾ ਹੀ ਸੇਵਨ ਕਰਦੇ ਹਨ। ਲੀਵਰ ਦੀ ਸਮੱਸਿਆ ਹੋਣ ਕਾਰਨ ਉਹ ਖ਼ਾਸ ਡਾਈਟ ਲੈਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਜਦੋਂ ਤੋਂ ਜੇਲ੍ਹ ’ਚ ਹਨ, ਉਹ ਰੋਟੀ ਨਹੀਂ ਸੀ ਖਾਂ ਰਹੇ। ਉਹ ਜੇਲ੍ਹ ਪ੍ਰਸ਼ਾਸਨ ਤੋਂ ਡਾਇਟ ਦੇ ਹਿਸਾਬ ਨਾਲ ਖਾਣਾ ਮੰਗ ਰਹੇ ਸਨ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਬੀਤੇ ਦਿਨੀਂ 1988 ਦੇ ‘ਰੋਡ ਰੇਜ’ ਕੇਸ ਵਿੱਚ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਕਰੀਬ 34 ਸਾਲ ਪਹਿਲਾਂ ਵਾਪਰੇ ਰੋਡ ਰੇਜ ਮਾਮਲੇ ਵਿਚ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਮੇਂ ਸਿੱਧੂ ਦੀ ਉਮਰ 25 ਸਾਲ ਦੇ ਕਰੀਬ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸਿੱਧੂ ਨੂੰ ਪਹਿਲਾਂ ਸਿਰਫ਼ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਰਿਹਾਅ ਕਰ ਦਿੱਤਾ ਸੀ। ਇਸ ਵਿਰੁੱਧ ਪੀੜਤ ਪਰਿਵਾਰ ਵੱਲੋਂ ਰੀਵਿਊ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਪ੍ਰਵਾਨ ਕਰ ਲਿਆ ਅਤੇ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।