ਤਰਨ ਤਾਰਨ, 12 ਮਈ- ਬੀਤੇ ਦਿਨੀਂ ਮੋਹਾਲੀ ਵਿਖੇ ਇੰਟੈਲੀਜੈਂਸ ਦੇ ਸਟੇਟ ਦਫ਼ਤਰ ਵਿਖੇ ਕੀਤੇ ਰਾਕੇਟ ਹਮਲੇ ਤੋਂ ਬਾਅਦ ਪੂਰੇ ਪੰਜਾਬ ’ਚ ਹਾਈ ਅਲੱਰਟ ਕਰਦੇ ਹੋਏ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਪੁਲਸ ਜਾਂਚ ਕਰ ਰਹੀ ਹੈ। ਸਥਾਨਕ ਜ਼ਿਲ੍ਹੇ ਤੋਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਸ ਵੱਲੋਂ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਕੁੱਲਾ ਨਿਵਾਸੀ ਨਿਸ਼ਾਨ ਸਿੰਘ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਵਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ, ਜਿਸ ਖ਼ਿਲਾਫ਼ ਕੁੱਲ 13 ਅਪਰਾਧਕ ਮਾਮਲੇ ਦਰਜ ਹਨ, ਦੇ ਬਜ਼ੁਰਗ ਮਾਪਿਆਂ ਨੇ ਪੁਲਸ ਦੀ ਇਸ ਕਾਰਵਾਈ ਨੂੰ ਗਲਤ ਕਰਾਰ ਦੱਸਿਆ ਹੈ।
ਜਾਣਕਾਰੀ ਅਨੁਸਾਰ ਮੋਹਾਲੀ ਹਮਲੇ ਦੀ ਜਾਂਚ ਵਿਚ ਜਿੱਥੇ ਪੁਲਸ ਆਪਣਾ ਕੰਮ ਕਰ ਰਹੀ ਹੈ ਉੱਥੇ ਵੱਖ-ਵੱਖ ਖੁਫੀਆ ਏਜੰਸੀਆਂ ਨੇ ਸ਼ੱਕੀ ਵਿਅਕਤੀਆਂ ਦੀਆਂ ਲਿਸਟਾਂ ਤਿਆਰ ਕਰਦੇ ਹੋਏ ਉਨ੍ਹਾਂ ਦੀ ਜਾਂਚ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੀ ਸੀ.ਆਈ.ਏ ਸਟਾਫ ਪੁਲਸ ਵਲੋਂ ਮੰਗਲਵਾਰ ਸ਼ਾਮ ਨਿਸ਼ਾਨ ਸਿੰਘ ਪੁੱਤਰ ਪ੍ਰਗਟ ਸਿੰਘ ਨਿਵਾਸੀ ਪਿੰਡ ਕੁੱਲਾ ਜੋ ਆਪਣੇ ਰਿਸ਼ਤੇਦਾਰ ਦਾ ਅੰਮ੍ਰਿਤਸਰ ਵਿਖੇ ਇਕ ਹਸਪਤਾਲ ’ਚ ਪਤਾ ਲੈਣ ਗਿਆ ਸੀ, ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸਦੇ ਨਾਲ ਹੀ ਇਸ ਦੇ ਸਾਲੇ ਸੋਨੂੰ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕੁੱਲ 13 ਮੁਕੱਦਮੇ ਦਰਜ ਹਨ, ਜੋ ਫਿਰੋਜ਼ਪੁਰ ਜੇਲ੍ਹ ਤੋਂ ਇਕ ਕੇਸ ਦੇ ਸਬੰਧ ਵਿਚ ਜਮਾਨਤ ਲੈਣ ਉਪਰੰਤ ਬੀਤੀ 17 ਅਪ੍ਰੈਲ ਨੂੰ ਬਾਹਰ ਆਇਆ ਸੀ। ਨਿਸ਼ਾਨ ਸਿੰਘ ਦੇ ਖ਼ਿਲਾਫ਼ ਥਾਣਾ ਭਿੱਖੀਵਿੰਡ ਵਿਖੇ ਅਸਲਾ ਐਕਟ, ਪਾਸਪੋਰਟ ਐਕਟ, ਫੋਰੈਸਟ ਐਕਟ, ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਹੈ। ਨਿਸ਼ਾਨ ਸਿੰਘ ਦੇ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਨਾਲ ਸਬੰਧ ਹੋਣੇ ਵੀ ਪਾਏ ਗਏ ਸਨ। ਇਸੇ ਤਰ੍ਹਾਂ ਨਿਸ਼ਾਨ ਸਿੰਘ ਖ਼ਿਲਾਫ਼ ਧਾਰਾ 302, 307, ਜੇਲ ਐਕਟ ਅਤੇ ਚੋਰੀ ਦੀਆਂ ਧਰਾਵਾਂ ਹੇਠ ਮੁਕੱਦਮੇ ਦਰਜ ਹਨ। ਪੁਲਸ ਵਲੋਂ ਨਿਸ਼ਾਨ ਸਿੰਘ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਸਦੀ ਅੰਮ੍ਰਿਤਸਰ ਨਿਵਾਸੀ ਸਾਲੇ ਸੋਨੂੰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਵਲੋਂ ਸਰਹੱਦੀ ਪਿੰਡ ਮਹਿੰਦੀਪੁਰ ਦੇ ਨਿਵਾਸੀ ਜਗਰੂਪ ਸਿੰਘ ਨੂੰ ਵੀ ਪੁੱਛਗਿੱਛ ਲਈ ਲਿਜਾਇਆ ਗਿਆ ਹੈ, ਜਦਕਿ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਤੋਂ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜੋ ਆਪਣੇ ਰਿਸ਼ਤੇਦਾਰ ਕੋਲ ਰਹਿਣ ਆਇਆ ਹੋਇਆ ਸੀ।
ਪੁਲਸ ਨੇ ਸਾਡੇ ਨਾਲ ਕੀਤਾ ਧੱਕਾ
ਹਿਰਾਸਤ ’ਚ ਲਏ ਗਏ ਨਿਸ਼ਾਨ ਸਿੰਘ ਦੇ ਪਿਤਾ ਪਰਗਟ ਸਿੰਘ ਅਤੇ ਬਜ਼ੁਰਗ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧਿਤ ਹਨ। ਉਨ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ। ਜਿਸ ਪਰਿਵਾਰ ਨਾਲ ਨਿਸ਼ਾਨ ਸਿੰਘ ਦੀ ਪਤਨੀ ਸ਼ਰਨ ਕੌਰ ਅਤੇ ਉਸਦੀ ਦੋ ਸਾਲਾ ਬੇਟੀ ਰਹਿੰਦੇ ਹਨ, ਦਾ ਗੁਜ਼ਾਰਾ ਰੇਹਡ਼ੀ ’ਤੇ ਸਬਜ਼ੀ ਵੇਚ ਕੇ ਕੀਤਾ ਜਾਂਦਾ ਹੈ। ਉਨ੍ਹਾਂ ਪੁਲਸ ਉੱਪਰ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਿਸ਼ਾਨ ਸਿੰਘ ਨੂੰ ਨਾਜਾਇਜ਼ ਇਸ ਮਾੜੇ ਕੰਮ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਨਿਸ਼ਾਨ ਸਿੰਘ ਨੂੰ ਰਿਹਾਅ ਕੀਤਾ ਜਾਵੇ।
ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਹਮਲੇ ਸਬੰਧੀ ਪੁਲਸ ਵਲੋਂ ਆਪਣੇ ਪੱਧਰ ’ਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।