ਚੰਡੀਗੜ੍ਹ, 4 ਮਈ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ਦਾ ਮੁੱਖ ਮੁੱਦਾ ਬੰਦੀ ਸਿੱਖਾਂ ਦੀ ਰਿਹਾਈ ਹੈ। ਉਨ੍ਹਾਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਤਿਹਾਸ ‘ਚ ਇਹ ਕਿਤੇ ਨਹੀਂ ਲਿਖਿਆ ਗਿਆ ਕਿ ਸਜ਼ਾ ਪੂਰੀ ਹੋ ਜਾਵੇ ਤਾਂ ਬੰਦੇ ਨੂੰ ਛੱਡਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੀਆਂ ਪੰਥਕ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਇਕੱਠੇ ਹੋ ਕੇ ਜੇਲ੍ਹਾਂ ‘ਚ ਬੰਦ ਸਿੰਘਾਂ ਨੂੰ ਛੁਡਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖਾਂ ਨੂੰ ਅਣਮਨੁੱਖੀ ਤਰੀਕੇ ਨਾਲ ਜੇਲ੍ਹਾਂ ‘ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਮਸਲਾ ਕੌਮ ਦਾ ਅਹਿਮ ਮਸਲਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਪਿਛਲੀ ਕਾਂਗਰਸ ਦੀ ਸਰਕਾਰ ਦੌਰਾਨ ਸੀ. ਬੀ. ਆਈ. ਕੋਰਟ ਨੇ 4 ਪੁਲਸ ਅਫ਼ਸਰ, ਜਿਨ੍ਹਾਂ ਨੇ ਝੂਠੇ ਮੁਕਾਬਲੇ ਦੌਰਾਨ ਨੌਜਵਾਨ ਮਾਰੇ ਸੀ, ਉਨ੍ਹਾਂ ਨੂੰ ਉਮਰ ਕੈਦ ਦੇ ਦਿੱਤੀ ਅਤੇ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਇਕ ਸਾਲ ਦੇ ਅੰਦਰ ਹੀ ਪਹਿਲਾਂ ਹੀ ਜੇਲ੍ਹਾਂ ‘ਚੋਂ ਛੁਡਵਾ ਦਿੱਤਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਤਾਂ ਪੈਰੋਲ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਅਦਾਲਤਾਂ ਨੇ ਉਮਰ ਕੈਦ ਦੀ ਸਜ਼ਾ ਦਿੱਤੀ, ਉਨ੍ਹਾਂ ਨੂੰ ਸਾਲ ਦੇ ਅੰਦਰ ਛੱਡ ਦਿੱਤਾ ਗਿਆ ਅਤੇ ਇਹ ਸਾਡੀ ਕੌਮ ਨਾਲ ਬੇ-ਇਨਸਾਫ਼ੀ ਹੈ।