ਅੰਮ੍ਰਿਤਸਰ, 8 ਅਪ੍ਰੈਲ (ਬਿਊਰੋ)- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ ‘ਤੇ ਹਦਾਇਤ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਨ ਲਈ ਆਪਣਾ ਚੈਨਲ ਤਿਆਰ ਕਰੇ ਤੇ ਜਦੋਂ ਤੱਕ ਆਪਣੇ ਚੈਨਲ ਦੀ ਕਾਰਵਾਈ ਸਿਰੇ ਨਹੀਂ ਚੜ੍ਹਦੀ ਉਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਈ.ਟੀ. ਵਿੰਗ ਆਪਣੇ ਯੂ-ਟਿਊਬ ਚੈਨਲ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਸੰਗਤਾਂ ਵਾਸਤੇ ਗੁਰਬਾਣੀ ਪ੍ਰਸਾਰਨ ਦਾ ਕਾਰਜ ਆਰੰਭ ਕਰੇ।
ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਲਈ ਪੈਸੇ ਦੇਣ ਦੀ ਕੀਤੀ ਪੇਸ਼ਕਸ਼ ਲਈ ਕਿਹਾ ਕਿ ਉਹ ਮੁੱਖ ਮੰਤਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਪਰ ਖ਼ਾਲਸਾ ਪੰਥ ਦੀਆਂ ਸੰਸਥਾਵਾਂ ਤੇ ਖ਼ਾਲਸਾ ਪੰਥ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੁਹਿਰਦ ਹੈ ਤਾਂ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਨਲ ਦੀ ਮਨਜ਼ੂਰੀ ਲੈ ਕੇ ਦੇਣ ਤਾਂ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਪ੍ਰਸਾਰਨ ਆਰੰਭ ਕਰ ਸਕੇ।