ਚੰਡੀਗੜ੍ਹ, 5 ਜੁਲਾਈ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਮਝੌਤਿਆਂ ‘ਤੇ ਟਵੀਟ ਕਰਕੇ ਕਾਂਗਰਸ ਦੇ ਨਾਲ-ਨਾਲ ਬਾਦਲਾਂ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਵਿਕਲਪ ਸੀਮਤ ਹਨ ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਸਿੱਧੂ ਨੇ ਕਿਹਾ ਕਿ ਇਨ੍ਹਾਂ ਤੋਂ ਬਚਣ ਲਈ ਇਕੋ-ਇਕ ਰਾਹ ਪੰਜਾਬ ਵਿਧਾਨ ਸਭਾ ਵੱਲੋਂ ਨਵਾਂ ਕਾਨੂੰਨ ਬਣਾਉਣਾ ਹੀ ਹੈ, ਜੋ ਬਿਜਲੀ ਖ਼ਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।
ਨਵਜੋਤ ਸਿੱਧੂ ਨੇ ਦੂਜਾ ਟਵੀਟ ਕਰਦਿਆਂ ਕਿਹਾ ਕਿ ਵਿਧਾਨ ਸਭਾ ‘ਚ ਬਿਜਲੀ ਖ਼ਰੀਦ ਸਮਝੌਤਿਆਂ ‘ਤੇ ਸਫੈਦ ਪੱਤਰ (ਵਾਈਟ ਪੇਪਰ) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਵਾਲੇ ਬਾਦਲਾਂ ‘ਤੇ ਹੋਰਾਂ ਨੂੰ ਲੋਕਾਂ ਦੀ ਕਚਹਿਰੀ ‘ਚ ਜਵਾਬਦੇਹ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਮੈਂ ਇਸ ਦੀ ਮੰਗ ਸਾਲ 2017 ਤੋਂ ਕਰ ਰਿਹਾਂ ਹਾਂ ਪਰ ਇਸ ਮਹਿਕਮੇ ‘ਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਾ ਰੱਖਿਆ ਹੈ।