ਹਾਈਕੋਰਟ ਵੱਲੋਂ ਸਾਬਕਾ ਪੁਲਸ ਅਧਿਕਾਰੀਆਂ ਦੀ ਅਪੀਲ ਰੱਦ ਕੀਤੇ ਜਾਣਾ ਸਰਕਾਰ ਦੀ ਵੱਡੀ ਜਿੱਤ

court/nawanpunjab.com

ਫ਼ਰੀਦਕੋਟ, 4 ਅਕਤੂਬਰ (ਦਲਜੀਤ ਸਿੰਘ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਲਗਾਈ ਅਪੀਲ ਜਿਸਦੀ ਪੈਰਵੀ ਅੱਜ ਸਪੈਸ਼ਲ ਪ੍ਰਾਸੀਕਿਊਟਰ ਆਰ. ਐੱਸ. ਬੈਂਸ ਵੱਲੋਂ ਕੀਤੀ ਗਈ, ਦੇ ਰੱਦ ਹੋਣ ਨਾਲ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਇਹ ਕਿਹਾ ਜਾ ਰਿਹਾ ਸੀ ਕਿ ਏ. ਜੀ. ਦੇ ਬਦਲੇ ਜਾਣ ਅਤੇ ਆਰ. ਐੱਸ. ਬੈਂਸ, ਜੋ ਉਕਤ ਦੋਨਾਂ ਪੁਲਸ ਅਧਿਕਾਰੀਆਂ ਦੇ ਵਕੀਲ ਵੀ ਰਹਿ ਚੁੱਕੇ ਹਨ, ਨਾਲ ਇਸ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋਵੇਗੀ। ਇਹ ਗੱਲ ਰਾਜ ਸਰਕਾਰ ਦੇ ਪੱਖ ’ਚ ਗਈ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ’ਚ ਹੀ ਜਾਰੀ ਰਹੇਗੀ ਅਤੇ ਅਗਲੀ ਸੁਣਵਾਈ ਮਾਣਯੋਗ ਹਾਈ ਕੋਰਟ ’ਚ ਤੈਅ ਕੀਤੀ ਗਈ 2 ਦਸੰਬਰ ਨੂੰ ਹੀ ਹੋਵੇਗੀ। ਇੱਥੇ ਇਹ ਦੱਸਣਯੋਗ ਹੈ ਕਿ ਨਵੀਂ ਐੱਸ. ਆਈ. ਟੀ. ਦੇ ਗਠਨ ਨਾਲ ਜਾਂਚ ਮੁੜ ਤੋਂ ਸ਼ੁਰੂ ਹੋਣ ਨਾਲ ਬੇਸ਼ੱਕ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਪ੍ਰਭਾਵਿਤ ਹੋਈ ਹੈ ਪਰ ਇਸ ਮਾਮਲੇ ’ਚ ਨਾਮਜ਼ਦ ਪੁਲਸ ਅਧਿਕਾਰੀਆਂ ਵੱਲੋਂ ਹੇਠਲੀਆਂ ਅਦਾਲਤਾਂ ਵਿੱਚ ਚੱਲ ਰਹੀ ਕਾਰਵਾਈ ’ਤੇ ਸਟੇਅ ਲਗਾਉਣ ਲਈ ਕੀਤੀ ਅਪੀਲ ਦੇ ਖਾਰਜ ਹੋਣ ਨਾਲ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ।

ਦੂਜੇ ਪਾਸੇ ਬੇਅਦਬੀ ਮਾਮਲਿਆਂ ਨਾਲ ਜੁੜੇ ਗੋਲੀਕਾਂਡ ਵਿੱਚ ਨਾਮਜ਼ਦ ਸਾਬਕਾ ਐੱਸ. ਐਸ. ਪੀ. ਚਰਨਜੀਤ ਸ਼ਰਮਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਪੂਰੇ ਕਾਂਡ ਦੀ ਸੱਚਾਈ ਸਾਹਮਣੇ ਲਿਆਉਣ ਲਈ ਲਾਈਵ ਡਿਟੈਕਟਰ ਟੈਸਟ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਇਹ ਮੰਗ ਵੀ ਕੀਤੀ ਹੈ ਕਿ ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ ਤਾਂ ਜੋ ਸਾਰੇ ਲੋਕਾਂ ਨੂੰ ਚਾਨਣਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰੀਰਕ ਸਮੱਸਿਆਵਾਂ ਕਾਰਣ ਪਹਿਲਾਂ ਉਨ੍ਹਾਂ ਸਹਿਮਤੀ ਨਹੀਂ ਦਿੱਤੀ ਸੀ ਪਰ ਹੁਣ ਪੂਰੇ ਮਾਮਲੇ ਦੀ ਸਫ਼ਾਈ ਸਾਹਮਣੇ ਲਿਆਉਣ ਲਈ ਉਹ ਆਪਣੀ ਜਾਨ ਜੋਖ਼ਮ ’ਚ ਪਾਉਣ ਲਈ ਤਿਆਰ ਹਨ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੀ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਦੇ ਮਾਪਦੰਡਾਂ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *