ਚੰਡੀਗੜ੍ਹ, 19 ਮਾਰਚ – ਸਰਕਾਰੀ ਨੌਕਰੀ ਦੇ ਲਈ ਬਿਨੈਕਾਰ ਪ੍ਰੀਖਿਆਵਾਂ ਦੇ ਦੌਰਾਨ ਸਿੱਖਾਂ ਨੂੰ ਧਾਰਮਿਕ ਚਿੰਨ ਦੇ ਨਾਲ ਪ੍ਰੀਖਿਆ ਦੇਣ ਦੀ ਆਗਿਆ ਨਾਲ ਜੁੜੀ ਪਟੀਸ਼ਨ ਦਾ ਪੰਜਾਬ ਹਰਿਆਣਾ ਹਾਈਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਹਾਈਕੋਰਟ ਨੇ ਪਟੀਸ਼ਨਕਰਤਾ ਨੂੰ ਇਸ ਸੰਬੰਧ ਵਿਚ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਣ ਅਤੇ ਦੋਨਾਂ ਸਰਕਾਰਾਂ ਨੂੰ ਇਸ ‘ਤੇ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਹੈ।
ਪਟੀਸ਼ਨਕਰਤਾ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ ਦੱਸਿਆ ਕਿ ਹਰਿਆਣਾ ਸਿਵਲ ਸਰਵਿਸ ਐਗਜ਼ੀਕਿਊਟਿਵ ਬਰਾਂਚ ਦੇ 166 ਅਹੁਦਿਆਂ ਦੇ ਲਈ 31 ਮਾਰਚ 2019 ਨੂੰ ਪ੍ਰੀਖਿਆਵਾਂ ਵਿਚ ਸਿੱਖ ਬਿਨੈਕਾਰਾਂ ਨੂੰ ਕਿਰਪਾਨ ਅਤੇ ਕੜਾ ਪਾ ਕੇ ਪ੍ਰੀਖਿਆ ਵਿਚ ਸ਼ਾਮਿਲ ਹੋਣ ‘ਤੇ ਪਾਬੰਦੀ ਲਗਾਈ ਗਈ ਸੀ। ਇਸ ਨੂੰ ਚੁਣੌਤੀ ਦਿੰਦੇ ਹੋਏ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਸਿੱਖ ਬਿਨੈਕਾਰਾਂ ਨੂੰ ਧਾਰਮਿਕ ਚਿੰਨ ਪਾ ਕੇ ਪ੍ਰੀਖਿਆ ਦੇਣ ਦੀ ਆਗਿਆ ਮੰਗੀ ਗਈ ਸੀ। ਹਾਈਕੋਰਟ ਨੇ ਉਸ ਸਮੇਂ ਪ੍ਰੀਖਿਆ ਦੇ ਲਈ ਧਾਰਮਿਕ ਚਿੰਨ ਪਾ ਕੇ ਪ੍ਰੀਖਿਆ ਦੇਣ ‘ਤੇ ਲਗਾਈ ਪਾਬੰਦੀ ‘ਤੇ ਰੋਕ ਲਗਾਉਂਦੇ ਹੋਏ ਹਰਿਆਣਾ ਸਰਕਾਰ ਅਤੇ ਐੱਚ.ਪੀ.ਐੱਸ.ਸੀ. ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ, ਨਾਲ ਹੀ ਸਿੱਖ ਧਰਮ ਦੇ ਪੰਜਾਂ ਕਕਾਰ ਧਾਰਨ ਕਰਨ ਵਾਲੇ ਬਿਨੈਕਾਰਾਂ ਨੂੰ ਜਾਂਚ ਦੇ ਲਈ ਪ੍ਰੀਖਿਆ ਕੇਂਦਰ ਇਕ ਘੰਟਾ ਪਹਿਲਾਂ ਪਹੁੰਚਣ ਦੇ ਆਦੇਸ਼ ਦਿੱਤੇ ਸਨ।