ਯੂਕਰੇਨ ’ਚ ਕਈ ਘੰਟੇ ਪੈਦਲ ਚੱਲਣ ਤੇ ਖ਼ੌਫ਼ਨਾਕ ਹਾਲਾਤਾਂ ਨੂੰ ਕਦੇ ਭੁਲਾ ਨਹੀਂ ਸਕਣਗੀਆਂ ਨਤਾਸ਼ਾ ਤੇ ਨੰਦਿਨੀ

ਮੋਗਾ ਦੀਆਂ ਦੋ ਵਿਦਿਆਰਥਣਾਂ ਨਤਾਸ਼ਾ ਤੇ ਨੰਦਿਨੀ ਯੂਕਰੇਨ ’ਚੋਂ ਜੰਗ ਦੀਆਂ ਕੌਡ਼ੀਆਂ ਯਾਦਾਂ ਲੈ ਕੇ ਪਰਤ ਆਈਆਂ ਹਨ। ਛੇ ਸਾਲ ਪਹਿਲਾਂ ਐੱਮ.ਬੀ.ਬੀ.ਐੱਸ. ਕਰਕੇ ਡਾਕਟਰ ਬਣਨ ਗਈ ਯੂਕਰੇਨ ਗਈ ਡਾ. ਹਰੀਸ਼ ਚੌਧਰੀ ਦੀ ਧੀ ਨਤਾਸ਼ਾ ਅਤੇ ਸੰਦੀਪ ਕੁਮਾਰ ਦੀ ਲਡ਼ਕੀ ਨੰਦਿਨੀ ਬਡ਼ਾ ਔਖਾ ਪੈਂਡਾ ਤੈਅ ਕਰਕੇ ਘਰ ਪਰਤੀਆਂ ਹਨ। ਨੰਦਿਨੀ ਬੀਤੀ ਰਾਤ ਜਦੋਂ ਘਰ ਪਹੁੰਚੀ ਤਾਂ ਪਰਿਵਾਰਾਂ ਤੇ ਮੁਹੱਲੇ ਵਾਲਿਆਂ ਨੇ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਅਤੇ ਢੋਲ ਦੀ ਥਾਪ ’ਤੇ ਭੰਗਡ਼ੇ ਵੀ ਪਾਏ। ਅੱਜ ਸਵੇਰੇ ਘਰ ’ਚ ਕੇਕ ਕੱਟ ਕੇ ਆਂਢੀਆਂ-ਗੁਆਂਢੀਆਂ ਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਇਨ੍ਹਾਂ ਸਾਰਿਆਂ ਨੇ ਨੰਦਿਨੀ ਨੂੰ ਵਧਾਈ ਦਿੱਤੀ।
ਦੂਜੇ ਪਾਸੇ ਯੂਕਰੇਨ ’ਚ ਜੰਗ ਦੇ ਹਾਲਾਤ ਇਨ੍ਹਾਂ ਵਿਦਿਆਰਥਣਾਂ ਦੇ ਦਿਲ ਦਿਮਾਗ ’ਤੇ ਛਾਪ ਛੱਡ ਗਏ ਹਨ। ਨੰਦਿਨੀ ਨੇ ਹਾਲਾਬਤ ਬਿਆਨ ਕਰਦਿਆਂ ਉਥੇ ਬਣਾਈਆਂ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ। ਨੰਦਿਨੀ ਹਾਲੇ ਚਾਰ ਸਾਲ ਪਹਿਲਾਂ ਐੱਮ.ਬੀ.ਬੀ.ਐੱਸ. ਲਈ ਯੂਕਰੇਨ ਗਈ ਸੀ। ਉਸ ਨੂੰ ਵੀ ਨਤਾਸ਼ਾ ਵਾਂਗ ਜਾਨ ਬਚਾਉਣ ਲਈ ਬੰਕਰਾਂ ’ਚ ਕਾਫੀ ਸਮਾਂ ਭੁੱਖਣ-ਭਾਣੇ ਰਹਿਣਾ ਪਿਆ। ਉਸ ਨੂੰ ਉਥੋਂ ਨਿਕਲਣ ਲਈ 500 ਡਾਲਰ ਦਾ ਕਿਰਾਇਆ ਵੀ ਦੇਣਾ ਪਿਆ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇੰਡੀਆ ’ਚ ਹੀ ਡਾਕਟਰੀ ਦੀ ਪਡ਼੍ਹਾਈ ਸਸਤੀ ਕੀਤੀ ਜਾਵੇ ਅਤੇ ਇਸ ’ਚ ਸੀਟਾਂ ਵਧਾ ਕੇ ਹੋਣਹਾਰ ਵਿਦਿਆਰਥੀ ਲਈ ਵਧੇਰੇ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਕੋਈ ਯੂਕਰੇਨ ਜਾਂ ਹੋਰ ਕਿਧਰੇ ਜਾਣ ਬਾਰੇ ਸੋਚੇ ਵੀ ਨਾ। ਨੰਦਿਨੀ ਨੇ ਕਿਹਾ ਕਿ ਦੋ ਮਾਰਚ ਨੂੰ ਬੰਬਾਰੀ ਬਹੁਤ ਤੇਜ਼ ਹੋ ਗਈ ਅਤੇ ਉਹ ਤੇ ਹੋਰ ਵਿਦਿਆਰਥੀ ਭਾਰਤ ਦਾ ਤਿਰੰਗਾ ਝੰਡਾ ਲੈ ਕੇ 10 ਕਿਲੋਮੀਟਰ ਦੂਰ ਟਰੇਨ ਸਟੇਸ਼ਨ ਵੱਲ ਪੈਦਲ ਚੱਲ ਪਏ। ਜਦੋਂ ਉਹ ਰੇਲਵੇ ਸਟੇਸ਼ਨ ਪਹੁੰਚੇ ਤਾਂ ਦੋ ਬੰਬ ਧਮਾਕੇ ਹੋਏ ਅਤੇ ਉਨ੍ਹਾਂ ਸਾਰਿਆਂ ਨੇ ਭੱਜ ਕੇ ਜਾਨ ਬਚਾਈ। ਫਿਰ ਟਰੇਨ ਆਈ ਜਿਸ ’ਚ ਪਹਿਲਾ ਯੂਕਰੇਨ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ। ਉਸ ਮਗਰੋਂ ਭਾਰਤੀ ਕੁਡ਼ੀਆਂ ਨੂੰ ਚਡ਼੍ਹਾਇਆ ਜਾਂਦਾ ਹੈ ਤੇ ਫਿਰ ਮੁੰਡਿਆਂ ਨੂੰ। ਪਰ ਇਹ ਸਾਰੇ ਮੁੰਡੇ ਕੁਡ਼ੀਆਂ ਚਡ਼੍ਹ ਨਹੀਂ ਸਕੇ। ਜਦੋਂ ਉਹ ਕੀਵ ਪਹੁੰਚੇ ਤਾਂ ਸੌ ਡੇਢ ਸੌ ਮੀਟਰ ਦੂਰ ਇਕ ਹੋਰ ਬੰਬ ਫਟਿਆ। ਫਿਰ ਟੈਕਸੀ ਕਰਕੇ ਬਾਰਡਰ ’ਤੇ ਪਹੁੰਚੇ ਅਤੇ 8 ਘੰਟੇ ਉਡੀਕ ਕਰਨ ਮਗਰੋਂ ਬਾਰਡਰ ਪਾਰ ਕੀਤਾ ਤੇ ਪੋਲੈਂਡ ਪਹੁੰਚੇ। ਉਸ ਨੇ ਦੱਸਿਆ ਕਿ ਜਿਹਡ਼ੇ ਵਿਦਿਆਰਥੀ ਟਰੇਨ ਨਹੀਂ ਚਡ਼੍ਹ ਸਕੇ ਉਨ੍ਹਾਂ ਨੂੰ ਫਿਰ 12 ਕਿਲੋਮੀਟਰ ਪੈਦਲ ਚੱਲਣਾ ਪਿਆ।
ਮੋਗਾ ਦੀਆਂ ਇਨ੍ਹਾਂ ਦੋਹਾਂ ਕੁਡ਼ੀਆਂ ਨੇ ਯੂਕਰੇਨ ’ਚ ਜੰਗ ਦੌਰਾਨ ਦੇਖੇ ਹਾਲਾਤ ਬਿਆਨ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਬੰਬਾਂ ਤੇ ਮਿਜ਼ਾਇਲਾਂ ਦੇ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਸਾਹ ਸੂਤੇ ਜਾਂਦੇ ਸਨ। ਜਹਾਜ਼ਾਂ ਦੀ ਕੰਨ ਪਾਡ਼ਵੀਂ ਗੂੰਜ ਨਾਲ ਡਰ ਦਾ ਮਾਹੌਲ ਹੋਰ ਵਧ ਜਾਂਦਾ ਸੀ। ਇਨ੍ਹਾਂ ਦੋਹਾਂ ਕੁਡ਼ੀਆਂ ਦੇ ਮਾਪਿਆਂ ਨੇ ਵੀ ਗੱਲਬਾਤ ਦੌਰਾਨ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤੇ ਉਥੇ ਸਰਕਾਰ ਤੋਂ ਬਾਕੀ ਦੀ ਪਡ਼੍ਹਾਈ ਭਾਰਤ ’ਚ ਹੀ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਜੰਗ ਦੌਰਾਨ ਕਈ ਘੰਟੇ ਪੈਦਲ ਚੱਲਣ ਅਤੇ 24 ਘੰਟੇ ਦਾ ਟਰੇਨ ਵਾਲਾ ਸਫਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲੇਗਾ।
ਨਤਾਸ਼ਾ ਉਨ੍ਹਾਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਵਿੱਚੋਂ ਇਕ ਹੈ ਜੋ ਡਾਕਟਰੀ ਦੀ ਪਡ਼੍ਹਾਈ ਲਈ ਯੂਕਰੇਨ ਗਏ ਸਨ। ਉਹ ਛੇ ਸਾਲ ਪਹਿਲਾਂ ਕੀਵ ਦੀ ਖਾਰਕੀਵ ਮੈਡੀਕਲ ਯੂਨੀਵਰਸਿਟੀ ’ਚ ਐੱਮ.ਬੀ.ਬੀ.ਐੱਸ. ਕਰਨ ਗਈ ਸੀ ਅਤੇ ਤਿੰਨ ਮਹੀਨੇ ਬਾਅਦ ਮਈ ’ਚ ਫਾਈਨਲ ਇਮਤਿਹਾਨ ਹੋਣ ਨਾਲ ਉਸਦੀ ਪਡ਼੍ਹਾਈ ਮੁਕੰਮਲ ਹੋ ਜਾਣੀ ਸੀ ਅਤੇ ਜੂਨ ’ਚ ਡਾਕਟਰ ਦੀ ਡਿਗਰੀ ਲੈ ਕੇ ਉਸਨੇ ਮੋਗਾ ਪਰਤ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਯੁੱਧ ਲੱਗ ਜਾਣ ਕਰਕੇ ਉਹ ਫਸ ਗਈ ਸੀ। ਮੋਗਾ ਜ਼ਿਲ੍ਹੇ ਦੇ ਇਕ ਦਰਜਨ ਦੇ ਕਰੀਬ ਵਿਦਿਆਰਥੀ ਯੂਕਰੇਨ ’ਚ ਸਨ ਜਿਨ੍ਹਾਂ ’ਚੋਂ ਜਸ਼ਨਪ੍ਰੀਤ ਸਿੰਘ ਪਹਿਲਾ ਵਿਦਿਆਰਥੀ ਹੈ ਜਿਹਡ਼ਾ ਮੋਗਾ ਵਿਖੇ ਪਰਤ ਕੇ ਆਇਆ ਹੈ। ਵਾਪਸ ਪਰਤ ਰਹੇ ਇਹ ਵਿਦਿਆਰਥੀ ਹੁਣ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਮੋਗਾ ਦੇ ਚੌਕ ਸ਼ੇਖਾ ’ਚ ਕਲੀਨਿਕ ਚਲਾਉਂਦੇ ਡਾ. ਹਰੀਸ਼ ਦੀ ਧੀ ਨਤਾਸ਼ਾ ਯੂਕਰੇਨ ਦੀ ਰਾਜਧਾਨੀ ਕੀਵ ’ਚ ਫਸੀ ਹੋਈ ਸੀ ਜਿਸ ਨੂੰ ਰੂਸ ਦੀ ਫੌਜ ਨੇ ਹਮਲਿਆਂ ਦੌਰਾਨ ਸਭ ਤੋਂ ਵੱਧ ਨਿਸ਼ਾਨਾ ਬਣਾਇਆ। ਨਤਾਸ਼ਾ ਨੇ ਦੱਸਿਆ ਕਿ ਬੰਕਰ ’ਚ ਫਸੇ ਹੋਣ ਸਮੇਂ ਖਾਣ-ਪੀਣ ਦੀ ਵੱਡੀ ਦਿੱਕਤ ਆਈ। ਠੰਢ ਬਹੁਤ ਜ਼ਿਆਦਾ ਹੋਣ ਕਰਕੇ ਇਕ ਦਿਨ ਕੀ ਇਕ-ਇਕ ਘੰਟਾ ਲੰਘਾਉਣਾ ਔਖਾ ਹੋ ਗਿਆ ਸੀ। ਅੱਖਾਂ ਸਾਹਮਣੇ ਟੈਂਕ ਘੁੰਮਦੇ ਸਨ, ਬੰਬਾਰੀ, ਧਮਾਕਿਆਂ ਤੇ ਡਰ ਕਾਰਨ ਨੀਂਦ ਵੀ ਨਹੀਂ ਸੀ ਆਉਂਦੀ। ਬਡ਼ਾ ਔਖਾ ਸਫਰ ਰਿਹਾ, ਧੱਕਾ-ਮੁੱਕੀ ਤੇ ਆਪਣੇ ਦਮ ’ਤੇ ਬਚ ਕੇ ਘਰ ਪਹੁੰਚੇ ਹਾਂ। ਨਤਾਸ਼ਾ ਨੇ ਕਿਹਾ ਕਿ ਜਦੋਂ ਉਹ ਨਿਕਲੀ ਤਾਂ ਉਦੋਂ ਤਕ ਆਮ ਲੋਕਾਂ ਨੂੰ ਵੀ ਰੂਸ ਦੀ ਫੌਜ ਨੇ ਮਾਰਨਾ ਸ਼ੁਰੂ ਕਰ ਦਿੱਤਾ ਸੀ।
ਨੰਦਿਨੀ ਦੇ ਪਿਤਾ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਅਤੇ ਜੇਕਰ ਹੁਣ ਸਰਕਾਰ ਕੁਝ ਕਰਨਾ ਹੀ ਚਾਹੁੰਦੀ ਹੈ ਤਾਂ ਬਾਕੀ ਦੀ ਪਡ਼੍ਹਾਈ ਦਾ ਪ੍ਰਬੰਧ ਇਥੇ ਦੇਸ਼ ’ਚ ਹੀ ਕੀਤਾ ਜਾਵੇ ਤਾਂ ਜੋ ਇਨ੍ਹਾਂ ਬੱਚਿਆਂ ਦਾ ਭਵਿੱਖ ਖਰਾਬ ਹੋਣ ਤੋਂ ਬਚ ਸਕੇ।
ਨਤਾਸ਼ਾ ਦੇ ਪਿਤਾ ਡਾ. ਹਰੀਸ਼ ਨੇ ਕਿਹਾ ਕਿ ਡਾਕਟਰੀ ਦੀ ਪਡ਼੍ਹਾਈ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਯੂਕਰੇਨ ਨੂੰ ਪਹਿਲ ਦੇਣ ਦਾ ਕਾਰਨ ਇੰਡੀਆ ਦੇ ਮੁਕਾਬਲੇ ਉਥੇ ਪਡ਼੍ਹਾਈ ਸਸਤੀ ਹੋਣਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਇੰਡੀਆ ’ਚ ਮੁਕਾਬਲਾ ਵਧੇਰੇ ਤੇ ਸਖਤ ਹੋਣ ਨੂੰ ਵੀ ਇਕ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਜਨਰਲ ਕੈਟਾਗਿਰੀ ਵਾਲਿਆਂ ਨੂੰ ਵੈਸੇ ਹੀ ਘੱਟ ਸੀਟਾਂ ਮਿਲਦੀਆਂ। ਦੂਜਾ ਪੈਸੇ ਵਾਲੇ ਰੁਪਿਆਂ ਦੇ ਜ਼ੋਰ ’ਤੇ ਸੀਟਾਂ ਲੈ ਜਾਂਦੇ ਹਨ।

Leave a Reply

Your email address will not be published. Required fields are marked *