ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ ‘ਮੁਫ਼ਤ ਪੱਖੀ ਸੇਵਾ’ ਦੀ ਸ਼ੁਰੂਆਤ

daljit cheema/nawanpunjab.com

ਰੋਪੜ, 2 ਜੁਲਾਈ (ਦਲਜੀਤ ਸਿੰਘ)- ਇਕ ਪਾਸੇ ਜਿੱਥੇ ਅਤਿ ਦੀ ਪੈ ਰਹੀ ਗਰਮੀ ਤੋਂ ਲੋਕ ਪਰੇਸ਼ਾਨ ਹਨ, ਉਥੇ ਹੀ ਰੋਜ਼ਾਨਾ ਪਾਵਰ ਮਹਿਕਮੇ ਵੱਲੋਂ ਲਗਾਏ ਜਾ ਰਹੇ 6 ਤੋਂ 8 ਘੰਟੇ ਦੇ ਅਣ-ਐਲਾਨੇ ਬਿਜਲੀ ਕੱਟਾਂ ਨੇ ਅਤਿ ਦੀ ਗਰਮੀ ਦਾ ਪ੍ਰਕੋਪ ਸਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਪਿਛਲੇ 9 ਸਾਲਾਂ ਤੋਂ ਲਗਾਤਾਰ ਬਿਜਲੀ ਸਪਲਾਈ ਮਿਲਦੀ ਆ ਰਹੀ ਹੈ ਪਰ ਇਸ ਵਾਰ ਬਿਜਲੀ ਦੇ ਅਣ-ਐਲਾਨੇ ਕੱਟ ਪਾਵਰਕਾਮ ਮਹਿਕਮੇ ਵੱਲੋਂ ਲਾਏ ਜਾ ਰਹੇ ਹਨ।
ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਵੱਲੋਂ ਪੰਜਾਬ ਵਿਚ ਸਰਕਾਰ ਅਤੇ ਪਾਵਰ ਮਹਿਕਮੇ ਖ਼ਿਲਾਫ਼ ਰੋਜ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੂਬੇ ਭਰ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਰੋਪੜ ਵਿਚ ‘ਮੁਫ਼ਤ ਪੱਖੀ ਸੇਵਾ’ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਲੋਕਾਂ ਨੂੰ ਮੁਫ਼ਤ ਵਿਚ ਪੱਖੀਆਂ ਵੰਡੀਆਂ ਗਈਆਂ ਹਨ।

ਇਸ ਦੇ ਨਾਲ ਹੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ‘ਕੈਪਟਨ ਭਜਾਓ ਬਿਜਲੀ ਲਿਆਓ’, ‘ਨਿੰਕਮੀ ਸਰਕਾਰ ਦੇ ਰੰਗ ਕਿਸਾਨ ਬਿਜਲੀ ਕੱਟਾਂ ਤੋਂ ਤੰਗ’, ‘ਕੈਪਟਨ ਦੀ ਨਿਕੰਮੀ ਸਰਕਾਰ ਬਿਜਲੀ ਪਾਣੀ ਦੀ ਕਰਦੀ ਮਾਰ’, ‘ਕਿਸਾਨਾਂ ਦੀ ਬਰਬਾਦੀ ਦੇ ਪ੍ਰਬੰਧ ਬਿਜਲੀ ਮੋਟਰਾਂ ਸਭ ਬੰਦ’ ਦੇ ਬੈਨਰ ਲਗਾਏ ਗਏ ਹਨ। ਇਥੇ ਦੱਸ ਦਈਏ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ 2022 ਦੇ ਚੋਣਾਂ ਦੇ ਮੱਦੇਨਜ਼ਰ ਹਰ ਪਰਿਵਾਰ ਨੂੰ ਬਿਨਾਂ ਸ਼ਰਤ 300 ਬਿਜਲੀ ਯੂਨਿਟ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੇ ਲਗਾਤਾਰ ਦੂਜੀ ਵਾਰ ਪੰਜਾਬ ਦੀ ਸੱਤਾ ’ਤੇ ਕਾਬਿਜ਼ ਹੋਣ ਦਾ ਸੁਫਨਾ ਵੇਖ ਰਹੀ ਕਾਂਗਰਸ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ।

Leave a Reply

Your email address will not be published. Required fields are marked *