ਕੀਵ, 25 ਫਰਵਰੀ (ਬਿਊਰੋ)- ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਯੂਕ੍ਰੇਨ ‘ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ ‘ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ ‘ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ। ਇਸ ਦੌਰਾਨ ਯੂਕ੍ਰੇਨ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਨੂੰ ਤੁਰੰਤ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ‘ਚ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਯੂਕ੍ਰੇਨ ‘ਤੇ ਰੂਸੀ ਹਮਲੇ ਖਿਲਾਫ਼ ਖਰੜੇ ‘ਤੇ ਸ਼ੁੱਕਰਵਾਰ ਨੂੰ UNSC ‘ਚ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਨਾਟੋ ਐਮਰਜੈਂਸੀ ਸੰਮੇਲਨ ਵੀ ਕਰਵਾਏਗਾ।
ਸਵੇਰੇ ਤੇਜ਼ ਧਮਾਕਿਆਂ ਨਾਲ ਹਿੱਲ ਗਈ ਯੂਕ੍ਰੇਨ ਦੀ ਰਾਜਧਾਨੀ ਕੀਵ
ਨਿਊਜ਼ ਏਜੰਸੀ ਏਐਫਪੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਸਵੇਰੇ ਤੜਕੇ ਜ਼ੋਰਦਾਰ ਧਮਾਕਿਆਂ ਨਾਲ ਹਿੱਲ ਗਈ। ਕੀਵ ‘ਚ ਸ਼ੁੱਕਰਵਾਰ ਸਵੇਰੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ। ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਐਂਟੋਨ ਹੇਰਾਸ਼ਚੇਂਕੋ ਨੇ ਟੈਲੀਗ੍ਰਾਮ ‘ਤੇ ਕਿਹਾ ਕਿ ਕੀਵ ‘ਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲ ਹਮਲੇ ਹੁਣੇ ਮੁੜ ਸ਼ੁਰੂ ਹੋਏ ਹਨ। ਉਨ੍ਹਾਂ ਦੋ ਸ਼ਕਤੀਸ਼ਾਲੀ ਧਮਾਕੇ ਸੁਣੇ ਹਨ। ਇਸ ਤੋਂ ਇਲਾਵਾ ਰੂਸੀ ਫ਼ੌਜ ਨੇ ਯੂਕ੍ਰੇਨ ਦੇ ਕੋਨੋਟੋਪ ਸ਼ਹਿਰ ਨੂੰ ਵੀ ਘੇਰ ਲਿਆ ਹੈ। ਇਸ ਤੋਂ ਇਲਾਵਾ ਬਾਕੀ ਫੋਰਸ ਕੀਵ ਵੱਲ ਵਧ ਰਹੀ ਹੈ। ਦੂਜੇ ਪਾਸੇ ਯੂਕ੍ਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਯੂਕ੍ਰੇਨ ਦੀ ਰੱਖਿਆ ਮੰਤਰੀ ਹੰਨਾਹ ਮਲਯਾਰ ਮੁਤਾਬਕ 7 ਰੂਸੀ ਜਹਾਜ਼, 6 ਹੈਲੀਕਾਪਟਰ, 30 ਟੈਂਕ ਨਸ਼ਟ ਹੋ ਗਏ ਹਨ।