ਚੰਡੀਗੜ੍ਹ, 21 ਫਰਵਰੀ (ਬਿਊਰੋ)- ਪੀਜੀਆਈ ਚੰਡੀਗੜ੍ਹ ਨੇ ਮਰੀਜ਼ਾਂ ਨੂੰ ਰਾਹਤ ਦਿੰਦੇ ਹੋਏ ਹੁਣ ਓਪੀਡੀ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ। ਪਹਿਲਾਂ ਓਪੀਡੀ ‘ਚ ਆਉਣ ਵਾਲੇ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਤਕ ਸੀ। ਹੁਣ ਇਹ ਸਮਾਂ ਸਵੇਰੇ 8 ਵਜੇ ਤੋਂ ਬਦਲ ਕੇ 10 ਵਜੇ ਕਰ ਦਿੱਤਾ ਗਿਆ ਹੈ। ਓ.ਪੀ.ਡੀ. ਦਾ ਸਮਾਂ ਵਧਾਉਣ ਦੀ ਨਵੀਂ ਪ੍ਰਣਾਲੀ ਅੱਜ ਤੋਂ ਲਾਗੂ ਕਰ ਦਿੱਤੀ ਗਈ ਹੈ। ਪੀਜੀਆਈ ਵਿੱਚ ਇੱਕ ਘਟਾ ਓਪੀਡੀ ਦਾ ਸਮਾਂ ਵਧਾਉਣ ਨਾਲ ਸਵੇਰੇ 10 ਵਜੇ ਤਕ ਸੱਤ ਹਜ਼ਾਰ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ।
ਪੀਜੀਆਈ ਪ੍ਰਸ਼ਾਸਨ ਨੇ ਇਹ ਫੈਸਲਾ ਕੋਰੋਨਾ ਇਨਫੈਕਟਿਡ ਮਾਮਲਿਆਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ। ਪੀਜੀਆਈ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਘੰਟੇ ਤਕ ਚੱਲੀ ਓਪੀਡੀ ਦੀ ਰਜਿਸਟ੍ਰੇਸ਼ਨ ‘ਚ ਸਿਰਫ਼ ਛੇ ਹਜ਼ਾਰ ਦੇ ਕਰੀਬ ਮਰੀਜ਼ ਹੀ ਆਪਣੇ ਓਪੀਡੀ ਕਾਰਡ ਬਣਵਾ ਪਾਉਂਦੇ ਸੀ। ਓਪੀਡੀ ਦਾ ਸਮਾਂ ਵਧਾਉਣ ਨਾਲ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ ਤਾਂ ਜੋ ਮਰੀਜ਼ ਆਸਾਨੀ ਨਾਲ ਵਾਕ ਇਨ ਫਿਜ਼ੀਕਲ ਓ.ਪੀ.ਡੀ. ‘ਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ ਅਤੇ ਡਾਕਟਰ ਨੂੰ ਦਿਖਾ ਸਕਣ।