ਚੰਡੀਗੜ੍ਹ, 25 ਜੂਨ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਅੱਜ ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਦੇ ਸਬੰਧ ’ਚ ਸਿੱਟ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਆਪਣੀ ਹੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ’ਤੇ ਕਈ ਨਿਸ਼ਾਨੇ ਸਾਧੇ ਹਨ। ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਦਾ ਸਮਾਂ ਬੀਤ ਚੁੱਕਾ ਹੈ। ਬੇਅਦਬੀ ਮਾਮਲੇ ਦਾ ਨਾ ਬਾਦਲਾਂ ਦੀ ਸਰਕਾਰ ਦੇ ਸਮੇਂ ਇਨਸਾਫ਼ ਮਿਿਲਆ ਅਤੇ ਨਾ ਹੀ ਹੁਣ ਦੇ ਸਾਢੇ 4 ਸਾਲਾਂ ਵਿੱਚ ਇਨਸਾਫ਼ ਹੋਇਆ।
ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਹੁਣ ਜਦੋਂ ਨਵੀਂ ਸਿਟ (ਸ਼ੀਠ) ਪੰਜਾਬ ਦੀ ਰੂਹ ‘ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ ‘ਤੇ ਪਹੁੰਚ ਗਈ ਹੈ ਤਾਂ ਇਹ ਰਾਜਨੀਤਿਕ ਦਖਲ ਦਾ ਢੰਡੋਰਾ ਪਿੱਟ ਰਿਹਾ ਏਂ। ਰਾਜਨੀਤਿਕ ਦਖਲ ਤਾਂ ਉਹ ਸੀ ਜਿਸ ਕਰਕੇ ਇਨਸਾਫ਼ ਹੋਣ ‘ਚ ਛੇ ਸਾਲ ਦੇਰੀ ਹੋਈ।