ਅੰਮ੍ਰਿਤਸਰ, 9 ਫਰਵਰੀ (ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਇਕ ਵਾਰ ਫਿਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚ ਗਏ ਹਨ। ਸਿੱਧੂ ਇਕ ਹਫਤੇ ਵਿਚ ਦੂਜੇ ਵਾਰ ਮਾਤਾ ਦੇ ਦਰਬਾਰ ’ਚ ਹਾਜ਼ਰੀ ਲਗਾਉਣ ਪਹੁੰਚੇ ਹਨ। ਬੁੱਧਵਾਰ ਦੁਪਹਿਰ ਉਹ ਕੱਟੜਾ ਪਹੁੰਚੇ ਅਤੇ ਉਥੋਂ ਉਹ ਹੈਲੀਕਾਪਟਰ ਰਾਹੀਂ ਮਾਤਾ ਦੇ ਭਵਨ ਲਈ ਰਵਾਨਾ ਹੋਏ। ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਚੋਣ ਪ੍ਰਚਾਰ ਚੋਟੀ ’ਤੇ ਹੈ। ਇਸ ਦਰਮਿਆਨ ਬੁੱਧਵਾਰ ਨੂੰ ਨਵਜੋਤ ਸਿੱਧੂ ਮਾਂ ਦੇ ਦਰਬਾਰ ਵੈਸ਼ਣੋ ਦੇਵੀ ਪਹੁੰਚ ਗਏ ਹਨ। ਪਤਾ ਲੱਗਾ ਹੈ ਕਿ ਦੁਪਹਿਰ ਤਿੰਨ ਵਜੇ ਉਹ ਕੱਟੜਾ ਤੋਂ ਹੈਲੀਕਾਪਟਰ ਸੇਵਾ ਰਾਹੀਂ ਮਾਂ ਦੇ ਭਵਨ ਲਈ ਰਵਾਨਾ ਹੋਏ ਅਤੇ ਉਹ ਸ਼ਾਮ ਦੀ ਆਰਤੀ ਵਿਚ ਸ਼ਾਮਲ ਹੋਣਗੇ।
ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਰਾਤ ਭਵਨ ਵਿਚ ਹੀ ਠਹਿਰਣਗੇ। ਜਾਣਕਾਰੀ ਅਨੁਸਾਰ ਆਰਤੀ ਵਿਚ ਹਿੱਸਾ ਲੈਣ ਤੋਂ ਬਾਅਦ ਰਾਤ ਉਥੇ ਹੀ ਰੁਕਣਗੇ ਅਤੇ ਸਵੇਰੇ ਉਹ ਵਾਪਸ ਅੰਮ੍ਰਿਤਸਰ ਪਹੁੰਚ ਕੇ ਚੋਣ ਪ੍ਰਚਾਰ ਵਿਚ ਮੁੜ ਸਰਗਰਮ ਹੋਣਗੇ। ਯਾਦ ਰਹੇ ਕਿ ਅੰਮ੍ਰਿਤਸਰ ਪੂਰਬੀ ਤੋਂ ਇਸ ਵਾਰ ਨਵਜੋਤ ਸਿੱਧੂ ਦੇ ਖ਼ਿਲਾਫ਼ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਹ ਇਥੋਂ ਦੋਵਾਂ ਲੀਡਰਾਂ ਵਿਚਾਲ ਮੁੱਛ ਦਾ ਸਵਾਲ ਬਣਿਆ ਹੋਇਆ ਹੈ ਅਤੇ ਦੋਵਾਂ ਵਲੋਂ ਜ਼ੋਰਾਂ ਸ਼ੋਰਾਂ ’ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।