ਪਟਿਆਲਾ, 28 ਜਨਵਰੀ (ਬਿਊਰੋ)- ਪਟਿਆਲਾ ਜੇਲ੍ਹ ‘ਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਬੀਜੇਪੀ, ਕਾਂਗਰਸ ਦੇ ਕੁਝ ਦਾਗ਼ੀ ਬੰਦਿਆਂ ਅਤੇ ‘ਆਪ’ ਦੀ ਤਿੱਕੜੀ ਨੇ ਮੇਰੇ ਖ਼ਿਲਾਫ਼ ਛੜਯੰਤਰ ਰਚਿਆ ਸੀ ਜਿਸ ਦਾ ਮੈਂ ਤੱਥਾਂ ਸਮੇਤ ਖ਼ੁਲਾਸਾ ਕਰਾਂਗਾ।ਖਹਿਰਾ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਜਿਸ ਵਿੱਚ ਸਾਡੀ ਪਾਰਟੀ ਕਾਂਗਰਸ ਦੇ ਕੁਝ ਦਾਗ਼ੀ ਬੰਦੇ ਵੀ ਸ਼ਾਮਲ ਹਨ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ‘ਆਪ’ ਦੇ ਸਕੱਤਰ ਪੰਕਜ ਗੁਪਤਾ ਨੇ ਮੇਰੇ ਖ਼ਿਲਾਫ਼ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਝੂਠਾ ਬਿਆਨ ਦਿੱਤਾ ਜਿਸ ਦਾ ਪਰਦਾਫ਼ਾਸ਼ ਮੈਂ ਤੱਥਾਂ ਸਮੇਤ ਕਰਾਂਗਾ।ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ 2016 ਵਿੱਚ ਮੈਨੂੰ ਵਿਦੇਸ਼ ਭੇਜ ਕੇ ਆਮ ਆਦਮੀ ਪਾਰਟੀ ਨੇ ਡੇਢ ਤੋਂ ਦੋ ਕਰੋੜ ਰੁਪਏ ਇਕੱਠੇ ਕੀਤੇ ਸਨ ਜੋ ਬਾਅਦ ਵਿੱਚ ਕੇਜਰੀਵਾਲ ਦੇ ਖਾਤੇ ਵਿੱਚ ਗਏ।
ਸੁਖਪਾਲ ਖਹਿਰਾ ਨੇ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਮੈਨੂੰ ਉਮੀਦਵਾਰ ਐਲਾਨਣਾ ਮੇਰੇ ਪ੍ਰਤੀ ਪਾਰਟੀ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।ਖਹਿਰਾ ਨੇ ਕਿਹਾ ਕੇ ਵਿਰੋਧੀਆਂ ਨੇ ਪੂਰਾ ਜ਼ੋਰ ਲਾਇਆ ਸੀ ਕਿ ਮੈਨੂੰ ਚੋਣ ਪ੍ਰਣਾਲੀ ਤੋਂ ਬਾਹਰ ਕੱਢ ਕੇ ਚੋਣ ਨਾ ਲੜਨ ਦਿੱਤੀ ਜਾਵੇ ਤੇ ਮੇਰੇ ਚਰਿੱਤਰ ਨੂੰ ਵਿਗਾੜਿਆ ਜਾਵੇ ਪਰ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੀਆਂ ਅਰਦਾਸਾਂ ਕਾਰਨ ਵਿਰੋਧੀ ਆਪਣੇ ਮਨਸੂਬਿਆਂ ‘ਚ ਕਾਮਯਾਬ ਨਾ ਹੋ ਸਕੇ। ਖਹਿਰਾ ਨੇ ਅੱਜ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਖ਼ੁਲਾਸੇ ਕਰਨ ਦਾ ਦਾਅਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਆਪਣੇ ਬੇਗੁਨਾਹ ਹੋਣ ਦੇ ਸਾਰੇ ਤੱਥ ਪੇਸ਼ ਕਰਾਂਗਾ ਤੇ ਵਿਰੋਧੀਆਂ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਵੀ ਕਰਾਂਗਾ।