ਨਵੀਂ ਦਿੱਲੀ, 24 ਜਨਵਰੀ (ਬਿਊਰੋ)- ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਅਤੇ ਹਵਾ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ‘ਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਹੈ। ਸਫਦਰਜੰਗ ਵੇਧਸ਼ਾਲਾ ‘ਚ ਦ੍ਰਿਸ਼ਤਾ ਦਾ ਪੱਧਰ 95 ਫੀਸਦੀ ਦਰਜ ਕੀਤੀ ਗਈ। ਇਸ ਵੇਧਸ਼ਾਲਾ ਦੇ ਅੰਕੜਿਆਂ ਨੂੰ ਸ਼ਹਿਰ ਲਈ ਅਧਿਕਾਰਤ ਮੰਨਿਆ ਜਾਂਦਾ ਹੈ। ਪਾਲਮ ਵੇਧਸ਼ਾਲਾ ‘ਚ ਘੱਟੋ-ਘੱਟ ਤਾਪਮਾਨ ਆਮ ਤੋਂ 2 ਡਿਗਰੀ ਸੈਲਸੀਅਸ ਵਧ ਤੋਂ ਵੱਧ 9.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਲੋਧੀ ਰੋਡ ਵੇਧਸ਼ਾਲਾ ‘ਚ ਪਾਰਾ 8 ਡਿਗਰੀ ਸੈਲਸੀਅਸ ਰਿਹਾ, ਜੋ ਔਸਤ ਤੋਂ ਇਕ ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ‘ਚ ਦਿਨ ‘ਚ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਕੁਝ ਥਾਂਵਾਂ ‘ਤੇ ਸਰਦ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਵੱਧ ਤੋਂ ਵੱਧ ਤਾਪਮਾਨ ਕਰੀਬ 16 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14.9 ਅਤੇ ਘੱਟੋ-ਘੱਟ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ‘ਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ ਹੈ। ਸਵੇਰੇ 8 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 244 ਦਰਜ ਕੀਤਾ ਗਿਆ। ਉੱਥੇ ਹੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਫਰੀਦਾਬਾਦ ‘ਚ ਏ.ਕਿਊ.ਆਈ. 198 ਅਤੇ ਗੁਰੂਗ੍ਰਾਮ ‘ਚ 176 ਦਰਜ ਕੀਤਾ ਗਿਆ ਹੈ, ਜੋ ‘ਮੱਧਮ’ ਸ਼੍ਰੇਣੀ ‘ਚ ਆਉਂਦਾ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ 255, ਗ੍ਰੇਟਰ ਨੋਇਡਾ ‘ਚ 233 ਅਤੇ ਨੋਇਡਾ ‘ਚ ਏ.ਕਿਊ.ਆਈ. 272 ਦਰਜ ਕੀਤਾ ਗਿਆ ਹੈ, ਜੋ ‘ਖ਼ਰਾਬ’ ਸ਼੍ਰੇਣੀ ‘ਚ ਆਉਂਦਾ ਹੈ। ਏ.ਕਿਊ.ਆਈ. ਨੂੰ ਜ਼ੀਰੋ ਤੋਂ 50 ਦਰਮਿਆਨ ‘ਚੰਗਾ’, 51 ਤੋਂ 100 ਦਰਮਿਆਨ ‘ਸੰਤੋਸ਼ਜਨਕ’, 101 ਤੋਂ 200 ਦਰਮਿਆਨ ‘ਮੱਧਮ’, 201 ਤੋਂ 300 ਦਰਮਿਆਨ ‘ਖ਼ਰਾਬ’, 301 ਤੋਂ 400 ਦਰਮਿਆਨ ‘ਬਹੁਤ ਖ਼ਰਾਬ’, 401 ਤੋਂ 500 ਦਰਮਿਆਨ ‘ਗੰਭੀਰ’ ਸ਼੍ਰੇਣੀ ‘ਚ ਮੰਨਿਆ ਜਾਂਦਾ ਹੈ।