ਧੂਰੀ/ਸੰਗਰੂਰ, 24 ਜਨਵਰੀ (ਬਿਊਰੋ)- ਆਮ ਆਦਮੀ ਪਾਰਟੀ (ਆਪ) ਵਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕੇ ਧੂਰੀ ਪੁੱਜੇ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 10 ਮਾਰਚ ਨੂੰ ਦੇਸ਼ ਦਾ ਮੀਡੀਆ ਪੰਜਾਬ ਦੀ ਜਨਤਾ ਵਲੋਂ ਆਮ ਆਦਮੀ ਪਾਰਟੀ ਦੇ ਹੱਕ ’ਚ ਕੀਤੇ ਵੱਡੇ ਫ਼ਤਵੇ ਦਾ ਐਲਾਨ ਕਰ ਦੇਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਮਿਲੇਗਾ, ਕਿਉਂਕਿ ਭ੍ਰਿਸ਼ਟ ਅਤੇ ਲੁਟੇਰੀਆਂ ਸੱਤਾਧਾਰੀ ਪਾਰਟੀਆਂ ਤੋਂ ਅੱਕੇ- ਥੱਕੇ ਪੰਜਾਬ ਦੇ ਲੋਕ 20 ਫਰਵਰੀ ਨੂੰ ਵੋਟਿੰਗ ਮਸ਼ੀਨ ਦਾ ਬਟਨ ਆਮ ਆਦਮੀ ਪਾਰਟੀ ਦੇ ਹੱਕ ’ਚ ਦੱਬਣ ਲਈ ਤਿਆਰ ਬੈਠੇ ਹਨ। ਭਗਵੰਤ ਮਾਨ ਨੇ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਚੌਕ ਤੋਂ ਆਪਣਾ ਚੋਣ ਦੌਰਾ ਸ਼ੁਰੂ ਕੀਤਾ। ਪਿੰਡਾਂ ਦੀਆਂ ਔਰਤਾਂ ਵਿਚ ਭਗਵੰਤ ਮਾਨ ਪ੍ਰਤੀ ਖ਼ਾਸ ਉਤਸ਼ਾਹ ਦੇਖਿਆ ਗਿਆ। ਇਕ ਬਜ਼ੁਰਗ ਮਾਤਾ ਨੇ ਆਸ਼ੀਰਵਾਦ ਦਿੰਦਿਆਂ ਮਾਨ ਨੂੰ ਕਿਹਾ, ‘‘ਵੇ ਪੁੱਤ ਆਹ ਚਿੱਟੇ-ਚੁੱਟੇ ਦੇ ਜ਼ਹਿਰ ਤੋਂ ਸਾਡਾ ਖਹਿੜਾ ਛੁਡਾ ਦੇ।
ਹਰ ਰੋਜ਼ ਮਰ ਰਹੇ ਪੁੱਤਾਂ ਦਾ ਦਰਦ ਸਾਥੋਂ ਨਹੀਂ ਸਿਹਾ ਜਾਂਦਾ।’’ ਭਗਵੰਤ ਮਾਨ ਨੇ ਮਾਤਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੀ ਵਾਂਗਡੋਰ ਆਮ ਆਦਮੀ ਪਾਰਟੀ ਦੇ ਹੱਥ ਆਉਣ ਤੋਂ ਤੁਰੰਤ ਬਾਅਦ ਨਸ਼ੇ ਦੇ ਸੌਦਾਗਰਾਂ ਦੇ ਨਾਲ-ਨਾਲ ਹਰ ਤਰ੍ਹਾਂ ਦੇ ਮਾਫ਼ੀਆ ਨੂੰ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ। ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ। ਧੂਰੀ ਹਲਕੇ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਧੂਰੀ ਹਲਕਾ ਉਨ੍ਹਾਂ ਦਾ ਘਰ ਹੈ। ਧੂਰੀ ਦੇ ਲੋਕਾਂ ਨੇ ਲੋਕ ਸਭਾ ਦੀਆਂ ਸਾਲ 2014 ਅਤੇ 2019 ਦੀਆਂ ਚੋਣਾਂ ਮੌਕੇ ਉਨ੍ਹਾਂ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿਤਾ ਕੇ ਦਿੱਲੀ ਦੇ ਰਾਹ ਪਾਇਆ ਸੀ। ਇਸ ਵਾਰ ਧੂਰੀ ਦੇ ਲੋਕ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਹੋਣ ਦਾ ਸਰਟੀਫਿਕੇਟ ਦੇਣਗੇ। ਇਸ ਮੌਕੇ ਭਗਵੰਤ ਮਾਨ ਨਾਲ ਜ਼ਿਲ੍ਹਾ ਅਤੇ ਸੂਬਾ ਪੱਧਰੀ ਆਗੂਆਂ ਸਮੇਤ ਸਾਰੇ ਸਥਾਨਕ ਆਗੂ ਤੇ ਵਰਕਰ ਸਮਰਥਕ ਵੱਡੀ ਗਿਣਤੀ ’ਚ ਮੌਜੂਦ ਸਨ।