ਅੰਮ੍ਰਿਤਸਰ, 19 ਜਨਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ। ਦਰਅਸਲ ਅੰਮ੍ਰਿਤਸਰ ਵਿਖੇ ਤਿੰਨ ਕੌਂਸਲਰ ਅੱਜ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾਇਆ। ਇਸ ਦੌਰਾਨ ਕਾਂਗਰਸ ’ਤੇ ਸ਼ਬਦੀ ਹਮਲੇ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਇਕ ਬਾਰਡਰ ਸੂਬਾ ਹੈ, ਜਿਸ ਨੂੰ ਵਧੀਆ ਮੁੱਖ ਮੰਤਰੀ ਅਤੇ ਇਕ ਵਧੀਆ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ, ਜਿਨ੍ਹਾਂ ਨੇ ਸਾਢੇ ਚਾਰ ਸਾਲ ਬਰਬਾਦ ਕਰ ਦਿੱਤੇ। ਫਿਰ ਤਿੰਨ ਮਹੀਨਿਆਂ ਬਾਅਦ ਗ਼ਰੀਬ ਨੂੰ ਮੁੱਖ ਮੰਤਰੀ ਬਣਾਇਆ, ਜਿਸ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਸਭ ਤੋਂ ਵੱਡਾ ਮਾਈਨਿੰਗ ਮਾਫ਼ੀਆ ਚਰਨਜੀਤ ਸਿੰਘ ਚੰਨੀ ਹੈ। ਜਦੋਂ ਆਨੰਦਪੁਰ ਸਾਹਿਬ ਦੇ ਹਲਕੇ ’ਚ ਆਮ ਆਦਮੀ ਪਾਰਟੀ ਵੱਲੋਂ ਮਾਈਨਿੰਗ ਦੀ ਰੇਡ ਕੀਤੀ ਗਈ ਤਾਂ ਚੰਨੀ ਨੇ ਕਿਹਾ ਸੀ ਕਿ ਇਹ ਜਾਇਜ਼ ਹੈ, ਇਸ ਦਾ ਕੀ ਮਤਲਬ ਸੀ।
ਉਨ੍ਹਾਂ ਕਿਹਾ ਕਿ ਜਿਹੜੇ ਉਥੇ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਸਨ ਚੰਨੀ ਤਾਂ ਉਨ੍ਹਾਂ ਨੂੰ ਹੌਂਸਲਾ ਦੇਣ ਗਏ ਸਨ ਕਿ ਮੈਂ ਮੁੱਖ ਮੰਤਰੀ ਹਾਂ ਅਤੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਨੇ 3 ਮਹੀਨਿਆਂ ਦੇ ਵਿਚ 300 ਕਰੋੜ ਰੁਪਇਆ ਇਕੱਠਾ ਕਰ ਲਿਆ ਹੈ। ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦਾ ਕੰਮ ਕੀ ਹੈ। ਵੱਡੇ ਇਲਜ਼ਾਮ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਮੋਰਿੰਡਾ ਦੇ ਘਰੋਂ ਰੇਡ ਕੀਤੀ ਜਾਵੇ ਤਾਂ ਨੋਟਾਂ ਦੇ ਟਰੰਕ ਮਿਲਣਗੇ। ਪੰਜਾਬ ’ਚ ਕਾਂਗਰਸ ਦਾ ਕੋਈ ਵੀ ਆਧਾਰ ਨਹੀਂ ਹੈ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਦੇ ਲੀਡਰਾਂ ਨੇ ਹੁਣ ਕਾਂਗਰਸ ਦੀ ਪਾਰਟੀ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ।