ਸ਼ਾਹਾਬਾਦ ਮਾਰਕੰਡਾ, 17 ਦਸੰਬਰ (ਬਿਊਰੋ)- ਦਿੱਲੀ ਫਤਿਹ ਕਰਕੇ ਕਰੀਬ ਇਕ ਸਾਲ ਬਾਅਦ ਆਪਣੇ ਪਿੰਡ ਚਢੂਨੀ ਪਹੁੰਚ ਗੁਰਨਾਮ ਸਿੰਘ ਚਢੂਨੀ ਅਤੇ ਸੁਮਨ ਹੁੱਡਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਚਢੂਨੀ ਨੇ ਕਿਹਾ ਕਿ ਕਾਲੇ ਕਾਨੂੰਨ ਅੰਗਰੇਜਾਂ ਦੇ ਸਮੇਂ ਤੋਂ ਹੀ ਬਣਦੇ ਆ ਰਹੇ ਹਨ ਅਤੇ ਅੱਜ ਦੀਆਂ ਸਰਕਾਰਾਂ ਵੀ ਉਸੇ ਰਾਹ ’ਤੇ ਚਲਦੇ ਹੋਏ ਬਿਨਾਂ ਸੋਚੇ-ਸਮਝੇ ਤਾਨਾਸ਼ਾਹੀ ਰਵੱਈਏ ਨਾਲ ਬੇਬੁਨਿਆਦੀ ਕਾਨੂੰਨ ਕਿਸਾਨਾਂ, ਮਜ਼ਦੂਰਾਂ ਅਤੇ ਜਨਤਾ ’ਤੇ ਥੋਪ ਰਹੀਆਂ ਹਨ। ਇਸ ਲਈ ਇਸ ਤਾਨਾਸ਼ਾਹੀ ਨੂੰ ਜੜ ਤੋਂ ਖਤਮ ਕਰਨ ਲਈ ਰਾਜ ਨੂੰ ਬਦਲਣਾ ਹੋਵੇਗਾ ਅਤੇ ਅਜਿਹੇ ਲੋਕਾਂ ਨੂੰ ਸਿਆਸਤ ’ਚ ਅੱਗੇ ਲਿਆਉਣ ਹੋਵੇਗਾ ਜੋ ਦੇਸ਼ ਅਤੇ ਜਨਤਾ ਦਾ ਭਲਾ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਨੂੰ ਪੰਜਾਬ ’ਚ ਆਪਣੀ ਪਾਰਟੀ ਦਾ ਐਲਾਨ ਕਰ ਦੇਣਗੇ। ਇਕ ਸਵਾਲ ਦੇ ਜਵਾਬ ’ਚ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਸਕਦੀ ਹੈ ਪਰ ਚਢੂਨੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਅਫਵਾਹ ਹੈ ਅਤੇ ਉਹ ਪੰਜਾਬ ’ਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ’ਚ ਟੋਲ ਟੈਕਸਾਂ ’ਤੇ ਜ਼ਿਆਦਾ ਵਾਧਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਇਸਦਾ ਡਟ ਕੇ ਵਿਰੋਧ ਕਰੇਗੀ। ਕਿਸਾਨ ਅੰਦੋਲਨ ਦੀ ਜਿੱਤ ਦਾ ਸਿਹਰਾ ਸ਼ਹੀਦ ਕਿਸਾਨਾਂ ਦੇ ਸਿਰ ਸਜਦਾ ਹੈ। ਜੀ.ਟੀ. ਰੋਡ ਤੋਂ ਢੋਲ ਦੀ ਥਾਪ ’ਤੇ ਚਢੂਨੀ ਨੂੰ ਆਯੋਜਨ ਸਥਲ ਤਕ ਲਿਆਇਆ ਗਿਆ। ਜਿਥੇ ਉਨ੍ਹਾਂ ਕਰੀਬ 40 ਫੁੱਟ ਉੱਚਾ ਭਾਰਤੀ ਕਿਸਾਨ ਯੂਨੀਅਨ ਜਾ ਝੰਡਾ ਲਹਿਰਾਇਆ।