ਉਪਰੀ ਸ਼ਿਮਲਾ ’ਚ ਬਰਫਬਾਰੀ, 2 ਦਿਨ ਧੁੰਦ ਦਾ ਯੈਲੋ ਅਲਰਟ

shimla/nawanpunjab.com

ਸ਼ਿਮਲਾ/ਭਰਮੌਰ, 13 ਜਨਵਰੀ (ਬਿਊਰੋ)- ਬਰਫਬਾਰੀ ਤੋਂ ਬਾਅਦ ਉਪਰੀ ਸ਼ਿਮਲਾ ਤੇ ਭਰਮੌਰ ‘ਚ ਜਨਜੀਵਨ ਆਮ ਨਹੀਂ ਹੋ ਪਾ ਰਿਹਾ ਹੈ। ਮੰਗਲਵਾਰ ਰਾਤ ਤੇ ਬੁੱਧਵਾਰ ਸਵੇਰੇ ਵੀ ਉਪਰੀ ਸ਼ਿਮਲਾ ਦੇ ਨਾਰਕੰਡਾ, ਖਿੜਕੀ ਅਤੇ ਖੜਪੱਥਰ ਵਿਚ ਬਰਫਬਾਰੀ ਦਾ ਦੌਰ ਜਾਰੀ ਰਿਹਾ। ਇਸ ਦੌਰਾਨ 3 ਤੋਂ 4 ਇੰਚ ਤੱਕ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ, ਜਿਸ ਨਾਲ ਖੋਲ੍ਹੇ ਗਏ ਰਸਤੇ ਵੀ ਮੁੜ ਪ੍ਰਭਾਵਿਤ ਹੋ ਗਏ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਸੂਬੇ ਵਿਚ 15 ਜਨਵਰੀ ਤੱਕ ਮੌਸਮ ਸਾਫ ਰਹਿਣ ਦੇ ਆਸਾਰ ਹਨ। 16 ਜਨਵਰੀ ਨੂੰ ਮੁੜ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਜਾਵੇਗਾ। ਸੂਬੇ ਵਿਚ ਹੁਣ 2 ਦਿਨ ਧੁੰਦ ਦਾ ਯੈਲੋ ਅਲਰਟ ਹੈ। ਵੀਰਵਾਰ ਅਤੇ ਸ਼ੁੱਕਰਵਾਰ ਸੂਬੇ ਦੇ 6 ਜ਼ਿਲਿਆਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਛਾਈ ਰਹੇਗੀ। ਅਜਿਹੇ ਵਿਚ ਵਿਜ਼ੀਬਿਲਿਟੀ ਘੱਟ ਹੋਵੇਗੀ। ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਓਧਰ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਤੋਂ ਬਾਅਦ ਸੜਕ ਰਸਤੇ ਵਿਚ ਤਿਲਕਣ ਨਾਲ ਹਾਦਸੇ ਵਧ ਗਏ ਹਨ। ਸੂਬਾ ਆਫਤ ਮੈਨੇਜਮੈਂਟ ਅਥਾਰਿਟੀ ਮੁਤਾਬਕ ਬੁੱਧਵਾਰ ਨੂੰ ਹੋਏ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚ 3 ਲੋਕਾਂ ਦੀ ਮੌਤ ਚੰਬਾ ਜ਼ਿਲਾ ਵਿਚ ਹੋਈ। 1 ਦੀ ਮੌਤ ਉਚਾਈ ਤੋਂ ਡਿੱਗਣ ਕਾਰਨ ਹੋਈ ਜਦਕਿ 2 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿਚ ਹੋਈ। ਉਥੇ ਹੀ ਕੁੱਲੂ ਜ਼ਿਲੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ।

ਜੋਤ ’ਚ ਇਕ ਹਫਤੇ ਤੋਂ ਫਸੇ ਚੰਡੀਗੜ੍ਹ ਦੇ ਸੈਲਾਨੀ, 4 ਫੁੱਟ ਬਰਫ ’ਚ ਦੱਬੇ ਵਾਹਨ
ਸੈਰ-ਸਪਾਟਾ ਵਾਲੀ ਥਾਂ ਜੋਤ ਵਿਚ ਚੰਡੀਗੜ੍ਹ ਦੇ ਸੈਲਾਨੀ ਬਰਫ ਵਿਚ ਪਿਛਲੇ 1 ਹਫਤੇ ਤੋਂ ਫਸੇ ਹਨ। ਆਲਮ ਇਹ ਹੈ ਕਿ ਚੰਬਾ ਅਤੇ ਚੁਵਾੜੀ ਜਾਣ ਵਾਲੇ ਦੋਵੇਂ ਰਸਤੇ ਭਾਰੀ ਬਰਫਬਾਰੀ ਕਾਰਨ ਬੰਦ ਹੋ ਚੁੱਕੇ ਹਨ ਅਤੇ ਸੈਲਾਨੀਆਂ ਦੇ ਵਾਹਨ 4 ਫੁੱਟ ਬਰਫ ਦੇ ਅੰਦਰ ਦੱਬ ਚੁੱਕੇ ਹਨ। ਦੋਵਾਂ ਪਾਸਿਆਂ ਤੋਂ ਰਸਤੇ ਖੋਲ੍ਹਣ ਦਾ ਕੰਮ ਜਾਰੀ ਹੈ। ਐੱਸ. ਡੀ. ਐੱਮ. ਭਟੀਆਤ ਬੱਚਨ ਸਿੰਘ ਨੇ ਦੱਸਿਆ ਕਿ ਸੁਦਲੀ ਚੌਕ ’ਤੇ ਜੋ ਲੋਕ ਗਲਤ ਜਾਣਕਾਰੀ ਦੇ ਕੇ ਜੋਤ ਜਾ ਰਹੇ ਹਨ, ਉਨ੍ਹਾਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *