ਚੰਡੀਗੜ੍ਹ, 13 ਜਨਵਰੀ (ਬਿਊਰੋ)- ਕਿਸਾਨ ਅੰਦੋਲਨ ‘ਚੋਂ ਨਿਕਲੀਆਂ ਦੋ ਸਿਆਸੀ ਪਾਰਟੀਆਂ ਸੰਯੁਕਤ ਸਮਾਜ ਮੋਰਚਾ (SSM) ਤੇ ਸਾਂਝਾ ਸੰਘਰਸ਼ ਪਾਰਟੀ ਵਿਚਾਲੇ ਗਠਜੋੜ ‘ਚ ਅੜਿੱਕਾ ਪੈ ਗਿਆ। ਸੰਯੁਕਤ ਸੰਘਰਸ਼ ਮੋਰਚਾ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਸਾਂਝੇ ਸੰਘਰਸ਼ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Singh Rajewal) ‘ਤੇ ਬਹੁਤ ਗੰਭੀਰ ਦੋਸ਼ ਲਾਏ ਹਨ। ਗੁਰਨਾਮ ਸਿੰਘ ਚੜੂਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਾਂਝਾ ਮੋਰਚਾ ਵੀਰਵਾਰ ਤਕ ਉਨ੍ਹਾਂ ਦੀ ਪਾਰਟੀ ਨੂੰ 25 ਸੀਟਾਂ ਨਹੀਂ ਦਿੰਦਾ ਤਾਂ ਉਹ ਇਕੱਲੇ ਹੀ ਚੋਣ ਲੜਨਗੇ। ਸੰਯੁਕਤ ਸਮਾਜ ਮੋਰਚਾ ਦੀ ਤਰਫੋਂ ਸਾਂਝੇ ਸੰਘਰਸ਼ ਪਾਰਟੀ ਨੂੰ 9 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਂਝਾ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਸਾਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਜਦੋਂ ਮੈਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਸੀ ਤਾਂ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ।
ਮੈਨੂੰ ਸੰਯੁਕਤ ਕਿਸਾਨ ਮੋਰਚੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਪਰ ਮੈਂ ਆਪਣੀ ਲੜਾਈ ਜਾਰੀ ਰੱਖੀ। ਗੁਰਨਾਮ ਸਿੰਘ ਚੜੂਨੀ ਨੇ ਅੱਗੇ ਕਿਹਾ ਕਿ ਅਸੀਂ ਇਕੱਲੇ ਚੋਣ ਨਹੀਂ ਲੜਨਾ ਚਾਹੁੰਦੇ। ਮੈਂ ਇਕੱਠੇ ਰਹਿਣਾ ਚਾਹੁੰਦਾ ਹਾਂ ਪਰ ਸਾਂਝੇ ਸਮਾਜ ਮੋਰਚੇ ਵੱਲੋਂ ਸਾਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਸਾਨੂੰ ਇੱਜ਼ਤ ਦੀ ਲੋੜ ਹੈ। ਸਾਡੇ ਨਾਲ ਕਈ ਪਾਰਟੀਆਂ ਜੁੜੀਆਂ ਹੋਈਆਂ ਹਨ। ਸਾਨੂੰ ਸਿਰਫ਼ 9 ਸੀਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ 25 ਸੀਟਾਂ ਦਿੱਤੀਆਂ ਜਾਣ ਪਰ ਬਲਬੀਰ ਸਿੰਘ ਰਾਜੇਵਾਲ ਵੀ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਰਹੇ।