ਲੁਧਿਆਣਾ, 13 ਜਨਵਰੀ (ਬਿਊਰੋ)- ਵਿਧਾਨ ਸਭਾ ਚੋਣਾਂ ਵਿਚ ਆਏ ਪਤੰਗਬਾਜ਼ੀ ਦੇ ਤਿਉਹਾਰ ਲੋਹੜੀ ਵਿਚ ਟਿਕਟ ਦੇ ਚਾਹਵਾਨ ਅਤੇ ਪਾਰਟੀ ਉਮੀਦਵਾਰਾਂ ਨੇ ਆਸਮਾਨੀ ਰਸਤੇ ਰਾਹੀਂ ਵੋਟਰਾਂ ਤੱਕ ਪੁੱਜਣ ਲਈ ਪ੍ਰਚਾਰ ਦਾ ਨਵਾਂ ਤਰੀਕਾ ਅਪਣਾਇਆ ਹੈ। ਇਸ ਲੜੀ ਤਹਿਤ ਵੀਰਵਾਰ ਨੂੰ ਰੰਗ-ਬਿਰੰਗੇ ਪਤੰਗ ਵੀ ਉੱਡਦੇ ਦੇ ਰਹੇ ਹਨ, ਜਿਸ ਵਿਚ ਆਉਣ ਵਾਲੀਆਂ ਚੋਣਾਂ ਲਈ ਆਪਣੇ ਪੱਖ ਵਿਚ ਵੋਟ ਦੇਣ ਦੀ ਅਪੀਲ ਉਮੀਦਵਾਰਾਂ ਵੱਲੋਂ ਆਪਣੇ ਵੋਟਰਾਂ ਨੂੰ ਕੀਤੀ ਜਾ ਰਹੀ ਹੈ।
ਬੇਸ਼ੱਕ ਪਾਰਟੀਆਂ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਵੋਟਰਾਂ ਨੂੰ ਲੁਭਾਉਣ ਲਈ ਇਹ ਵੀ ਇਕ ਅਨੋਖਾ ਯਤਨ ਕੀਤਾ ਗਿਆ ਹੈ।
ਪਤੰਗ ਬਣਾਉਣ ਵਾਲੇ ਕਾਰੀਗਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਕਈ ਨੇਤਾਵਾਂ ਨੇ ਆਪਣੀ ਫੋਟੋ ਅਤੇ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਪਤੰਗ ਤਿਆਰ ਕਰਵਾਉਣ ਦਾ ਆਰਡਰ ਦੇ ਦਿੱਤਾ ਸੀ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਵਿਚ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ ਨੇ ਕਰੀਬ 15 ਹਜ਼ਾਰ ਪਤੰਗ ਤਿਆਰ ਕਰਵਾਏ ਹਨ, ਜਿਸ ’ਤੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਆਪਣੀ ਤਸਵੀਰ ਲਗਵਾ ਕੇ ਲੋਕਾ ਨੂੰ ‘ਇਕ ਮੌਕਾ ਆਪ ਨੂੰ’ ਦੇਣ ਦੀ ਅਪੀਲ ਕੀਤੀ ਗਈ ਹੈ। ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਪੁੱਜ ਕੇ ਉਨ੍ਹਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ ਜਾ ਸਕੇ।