ਚੰਡੀਗੜ੍ਹ, 11 ਜਨਵਰੀ (ਬਿਊਰੋ)- ਨਵਜੋਤ ਸਿੰਘ ਸਿੱਧੂ ਨੇ ਕੈਪਟਨ ਦੇ ‘ਗੋਲ’ ਕਰਨ ਵਾਲੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਤਾਂ ਖ਼ੁਦ ਗੋਲ ਹੈ, ਹੁਣ ਉਨ੍ਹਾਂ ਨੇ ਗੋਲ ਕੀ ਕਰਨਾ ਹੈ।ਸਿੱਧੂ ਨੇ ਕਿਹਾ ਕਿ ਗੋਲ ਤਾਂ ਉਸ ਦਿਨ ਹੋਇਆ ਸੀ ਜਦੋਂ 70 ਹਜ਼ਾਰ ਕੁਰਸੀਆਂ ‘ਤੇ ਬੈਠੇ 700 ਬੰਦਿਆਂ ਅਤੇ ਬਾਕੀ ਖ਼ਾਲੀ ਕੁਰਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦੇ ਆਏ ਸਨ। ਦਰਅਸਲ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਪ੍ਰਸ਼ਨ ਕਿ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਹਾਕੀ-ਗੇਂਦ ਚੋਣ ਨਿਸ਼ਾਨ ਮਿਲਿਆ ਹੈ ਤੇ ਕੈਪਟਨ ਕਹਿ ਰਹੇ ਹਨ ਕਿ ਹੁਣ ਗੋਲ ਕਰਨਾ ਬਾਕੀ ਰਹਿ ਗਿਆ ਹੈ ਤਾਂ ਇਸ ਸਵਾਲ ਦਾ ਉੱਤਰ ਦਿੰਦਿਆਂ ਸਿੱਧੂ ਨੇ ਕੈਪਟਨ ‘ਤੇ ਤੰਜ ਕੱਸਿਆ। ਸਿੱਧੂ ਨੇ ਕਿਹਾ ਕਿ ਕੈਪਟਨ ਤਾਂ ਖ਼ੁਦ ਗੋਲ ਹੈ ਹੁਣ ਉਨ੍ਹਾਂ ਨੇ ਕੀ ਗੋਲ ਕਰਨਾ ਹੈ।
ਨਵਜੋਤ ਸਿੱਧੂ ਨੇ ਕੈਪਟਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੈਂ ਤਿਆਰ ਹਾਂ ਕੈਪਟਨ ਮੇਰੇ ਨਾਲ15 ਮਿੰਟ ਚਿੜੀ-ਛਿੱਕਾ ਖੇਡ ਕੇ ਦਿਖਾਵੇ, ਜੇ ਦੋ ਮਿੰਟ ਬਾਅਦ ਹੀ ਉਲਟ ਕੇ ਨਾ ਡਿੱਗਾ ਤਾਂ ਮੇਰਾ ਨਾਂ ਵਟਾ ਦੇਣਾ।ਉਨ੍ਹਾਂ ਕਿਹਾ ਕਿ ਕੈਪਟਨ ਹਵਾਈ ਗੱਲਾਂ ਕਰਦੇ ਹਨ।ਪ੍ਰਧਾਨ ਮੰਤਰੀ ਦੀ ਰੱਦ ਹੋਈ ਫਿਰੋਜ਼ਪੁਰ ਦੀ ਰੈਲੀ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਗੋਲ ਤਾਂ ਉਸ ਦਿਨ ਹੋਇਆ ਸੀ ਜਦੋਂ 70 ਹਜ਼ਾਰ ਕੁਰਸੀਆਂ ‘ਤੇ ਬੈਠੇ 700 ਬੰਦਿਆਂ ਨੂੰ ਕੈਪਟਨ ਭਾਸ਼ਣ ਦੇ ਰਿਹਾ ਸੀ। ਸਿੱਧੂ ਨੇ ਕੈਪਟਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਸੇਵਾ ਮੁਕਤ ਹੋ ਕੇ ਘਰ ਬਹਿ ਜਾਣਾ ਚਾਹੀਦਾ ਹੈ।ਉਨ੍ਹਾਂ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਕਿ ਕੈਪਟਨ ਨੂੰ ਕਹਿ ਦੇਣਾ ਕਿ ਜੋ ਸੁਲਤਾਨ ਘੋੜਾ ਲਿਆਂਦਾ ਸੀ ਹੁਣ ਉਸ ‘ਤੇ ਕਿਸੇ ਹੋਰ ਨੂੰ ਚੜ੍ਹਾ ਕੇ ਲੈ ਆਉਣ।