ਜਲੰਧਰ, 10 ਜਨਵਰੀ (ਬਿਊਰੋ)- ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਾਂਗਰਸ ਦੀ ਬਦੌਲਤ ਹੀ ਉਹ ਅੱਜ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਬਿਰਾਜਮਾਨ ਹਨ ਅਤੇ ਬਾਰਡਰ ਬੈਲਟ ਤੋਂ ਉਠ ਕੇ ਇੰਨੇ ਵੱਡੇ ਅਹੁਦੇ ’ਤੇ ਪੁੱਜੇ ਹਨ। ਰੰਧਾਵਾ ਨੇ ਕਿਹਾ ਕਿ ਕਾਂਗਰਸ ’ਚ ਜੋ-ਜੋ ਰਿਹਾ ਹੈ, ਉਸ ਨੂੰ ਦੇਰ-ਸਵੇਰ ਮਿਹਨਤ ਦਾ ਫਲ ਜ਼ਰੂਰ ਮਿਲਦਾ ਰਿਹਾ ਹੈ ਪਰ ਕਾਂਗਰਸ ਨੂੰ ਛੱਡ ਕੇ ਜਾਣ ਵਾਲਿਆਂ ਦਾ ਭਵਿੱਖ ਕਦੇ ਵੀ ਉੱਜਵਲ ਨਹੀਂ ਹੋਇਆ ਹੈ। ਦੇਸ਼ ਦਾ ਇਤਿਹਾਸ ਇਸ ਦਾ ਗਵਾਹ ਹੈ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਵਰ੍ਹਿਆਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਹਨ। 1962 ’ਚ ਕਾਂਗਰਸ ਨੇ ਦਰਬਾਰਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਸੀ। ਉਸ ਤੋਂ ਬਾਅਦ ਕਈ ਸਾਲਾਂ ਤੋਂ ਬਾਅਦ ਗ੍ਰਹਿ ਵਿਭਾਗ ਉਨ੍ਹਾਂ ਨੂੰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਲਈ ਇਹ ਮਾਣ ਦੀ ਗੱਲ ਹੈ ਕਿ ਉਹ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਤੋਂ ਹੀ ਸਫੇਦ ਕ੍ਰਾਂਤੀ ਉੱਠੀ ਸੀ।
ਉਸ ਤੋਂ ਬਾਅਦ ਅਕਾਲੀਆਂ ਨੇ ਮਾਝਾ ਖੇਤਰ ਦਾ ਨਾਂ ਬਦਨਾਮ ਕੀਤਾ ਅਤੇ ‘ਚਿੱਟੇ’ ਨਾਲ ਪੂਰੇ ਪੰਜਾਬ ਦਾ ਨਾਂ ਦੁਨੀਆ ’ਚ ਅਕਾਲੀਆਂ ਨੇ ਬਦਨਾਮ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ’ਚ ਬੰਦ ਪਈਆਂ ਖੰਡ ਮਿੱਲਾਂ ਨੂੰ ਚਾਲੂ ਕੀਤਾ ਗਿਆ। ਬਾਦਲ ਸਰਕਾਰ ਦੇ ਸਮੇਂ ਖੰਡ ਮਿੱਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਦਕਿ ਕਾਂਗਰਸ ਸਰਕਾਰ ਨੇ ਬਟਾਲਾ, ਗੁਰਦਾਸਪੁਰ ਅਤੇ ਭੋਗਪੁਰ ਦੀਆਂ ਖੰਡ ਮਿੱਲਾਂ ਨੂੰ ਚਾਲੂ ਕੀਤਾ। ਇਨ੍ਹਾਂ ਖੰਡ ਮਿੱਲਾਂ ਦਾ ਆਧੁਨਿਕੀਕਰਨ ਵੀ ਕੀਤਾ ਗਿਆ। ਬੀਤੇ ਕੁਝ ਸਾਲਾਂ ਦੌਰਾਨ ਹੀ ਮਾਰਕਫੈੱਡ ਦਾ 950 ਕਰੋਡ਼ ਰੁਪਏ ਦਾ ਕਰਜ਼ਾ ਵੀ ਲਾਹਿਆ ਗਿਆ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਖੇਤਰ ’ਚ ਇਨਕਲਾਬ ਲਿਆਉਣ ’ਚ ਉਹ ਕਾਮਯਾਬ ਰਹੇ।