ਚੰਡੀਗੜ੍ਹ, 7 ਜਨਵਰੀ (ਬਿਊਰੋ)- ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਨੂੰ ਬੜੀ ਚਲਾਕੀ ਨਾਲ ਡਾਇਵਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਿਰਫ਼ ਪੰਜਾਬ ਪੁਲਿਸ ਤਕ ਸੀਮਤ ਹੈ, ਕੀ ਇਸ ਵਿਚ ਰਾਅ, ਆਈ.ਬੀ ਦੀ ਕੋਈ ਭੂਮਿਕਾ ਨਹੀਂ ਹੈ। ਸਿੱਧੂ ਨੇ ਕਿਹਾ ਕਿ ਜਦੋਂ ਇਹ ਪਲਾਨ ਹੀ ਨਹੀਂ ਸੀ ਕਿ ਪੀਐੱਮ ਸੜਕ ਮਾਰਗ ਰਾਹੀੰ ਜਾਣਗੇ ਤਾਂ ਇਹ ਪਲਾਨ ਕਦੋਂ ਤੇ ਕਿਵੇਂ ਬਦਲਿਆ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਪਹਿਲੀ ਵਾਰ ਅਜਿਹਾ ਨਹੀਂ ਕਰ ਰਹੀ। ਕਿਸਾਨਾਂ ਨੂੰ ਇਕ ਸਾਲ ਤਕ ਅੱਤਵਾਦੀ, ਖ਼ਾਲਿਸਤਾਨੀ ਦਾ ਨਾਂ ਦਿੱਤਾ ਗਿਆ। ਦੇਵਤਾ ਸਰੂਪ ਕਿਸਾਨਾਂ ਨੂੰ ਅੰਦੋਲਨਜੀਵੀ ਤਕ ਕਿਹਾ। ਪੰਜਾਬ ‘ਚ 60 ਫ਼ੀਸਦੀ ਕਿਸਾਨ ਇਨ੍ਹਾਂ ਦੇ ਖ਼ਿਲਾਫ਼ ਖੜ੍ਹੇ ਹੋ ਸਕਦੇ ਹਨ ਪਰ ਇਕ ਵੀ ਆਦਮੀ ਅਜਿਹਾ ਨਹੀਂ ਹੋਵੇਗਾ ਜਿਸ ਤੋਂ ਇਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਇਹ ਕਹਿਣਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਇਹ ਪੰਜਾਬੀਆਂ ‘ਤੇ ਕਾਲਿਖ਼ ਪੋਤਣ ਦੀ ਕੋਸ਼ਿਸ਼ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਹੀ ਨਹੀਂ ਹੋ। ਤੁਸੀਂ ਸਭ ਦੇ ਪ੍ਰਧਾਨ ਮੰਤਰੀ ਹੋ। ਦੇਸ਼ ਦਾ ਹਰ ਬੱਚਾ ਤੁਹਾਡੀ ਜ਼ਿੰਦਗੀ ਦੀ ਕੀਮਤ ਜਾਣਦਾ ਹੈ। ਤੁਸੀਂ ਇਹ ਕਹਿ ਕੇ ਇਸ ਸੂਬੇ ਦੀ ਪੰਜਾਬੀਅਤ ਦਾ ਅਪਮਾਨ ਕਰ ਰਹੇ ਹੋ ਕਿ ਤੁਹਾਡੀ ਜਾਨ ਨੂੰ ਇੱਥੇ ਖਤਰਾ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਦਾ ਕੋਈ ਲੋਕ ਆਧਾਰ ਨਹੀਂ ਹੈ। ਉਹ ਸਿਰਫ਼ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਭਾਜਪਾ ਜਿੱਥੇ ਵੀ ਅਜਿਹਾ ਮਜ਼ਾਕ ਰਚਦੀ ਹੈ, ਉੱਥੇ ਮੁੱਦੇ ਪੱਛੜ ਜਾਂਦੇ ਹਨ। ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਇਹੀ ਕੁਝ ਹੋ ਰਿਹਾ ਹੈ। ਕੀ ਕੋਈ ਬੇਰੁਜ਼ਗਾਰੀ ਦੀ, ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਗੱਲ ਕਰ ਰਿਹਾ ਹੈ। ਸਿੱਧੂ ਨੇ ਕਿਹਾ ਕਿ ਭਾਜਪਾ ਨੇ ਕੁਝ ਅਜਿਹੇ ਤੋਤੇ ਰੱਖੇ ਹੋਏ ਹਨ ਜੋ ਉਸੇ ਦੀ ਭਾਸ਼ਾ ਬੋਲਦੇ ਰਹਿੰਦੇ ਹਨ। ਇਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਭਾਜਪਾ ਦੀ ਫਿਰੋਜ਼ਪੁਰ ਰੈਲੀ ‘ਚ 70 ਹਜ਼ਾਰ ਕੁਰਸੀਆਂ ਲਾਈਆਂ ਗਈਆਂ ਸਨ ਪਰ ਪੰਡਾਲ ਖਾਲੀ ਸੀ, ਇਸ ਲਈ ਸੁਰੱਖਿਆ ਦਾ ਬਹਾਨਾ ਲਾਇਆ ਜਾ ਰਿਹਾ ਹੈ।