ਫਿਰੋਜ਼ਪੁਰ, 7 ਜਨਵਰੀ (ਬਿਊਰੋ)- ਸਾਬਕਾ ਕੇਂਦਰੀ ਗ੍ਰਹਿ ਸਕੱਤਰ ਜੀਕੇ ਪਿੱਲਈ ਨੇ ਕਿਹਾ ਹੈ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਇਕੱਲੀ ਪੰਜਾਬ ਪੁਲਿਸ ਜ਼ਿੰਮੇਵਾਰ ਨਹੀਂ। ਐਸਪੀਜੀ ਤੇ ਇੰਟੈਲੀਜੈਂਸ ਬਿਊਰੋ (IB) ਵੀ ਇਸ ਲਈ ਜ਼ਿੰਮੇਵਾਰ ਹਨ। ਪਿੱਲਈ ਨੇ ਕਿਹਾ, ਇਹ ਹਰ ਕਿਸੇ ਦੀ ਗਲਤੀ ਹੈ। ਇਸ ਲਈ ਹਰ ਕੋਈ ਜ਼ਿੰਮੇਵਾਰ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਵਿਚਕਾਰ ਪੀਐਮ ਮੋਦੀ ਦਾ 100 ਕਿਲੋਮੀਟਰ ਦਾ ਸੜਕੀ ਸਫ਼ਰ ਗਲਤ ਸਲਾਹ ਸੀ। ਉਨ੍ਹਾਂ ਕਿਹਾ ਕਿ ਬਲੂ ਬੁੱਕ ਵਿੱਚ ਸਾਫ਼ ਲਿਖਿਆ ਹੈ ਕਿ ਸੜਕ ਨੂੰ ਖੁੱਲ੍ਹਾ ਰੱਖਣਾ ਸੂਬਾ ਪੁਲਿਸ ਦੀ ਜ਼ਿੰਮੇਵਾਰੀ ਹੈ। ਜਦੋਂ ਪ੍ਰਧਾਨ ਮੰਤਰੀ ਯਾਤਰਾ ਕਰਦੇ ਹਨ ਤਾਂ ਪਾਇਲਟ ਵਾਹਨ ਇੱਕ ਕਿਲੋਮੀਟਰ ਅੱਗੇ ਜਾਂਦਾ ਹੈ। ਜੇ ਪਾਇਲਟ ਵਾਹਨ ਨੇ ਸੜਕ ਜਾਮ ਦੇਖਿਆ ਸੀ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਤੇ ਐਸਪੀਜੀ ਨੂੰ ਸੂਚਿਤ ਕਰਨਾ ਸੀ। ਗ੍ਰਹਿ ਸਕੱਤਰ ਜੀਕੇ ਪਿੱਲਈ ਨੇ ਦੱਸਿਆ ਕਿ ਇਸ ਤੋਂ ਬਾਅਦ ਕਾਫਲੇ ਨੂੰ ਰੋਕ ਕੇ ਵਾਪਸ ਲਿਜਾਇਆ ਜਾਂਦਾ ਹੈ ਪਰ ਇੱਥੇ ਅਜਿਹਾ ਨਹੀਂ ਕੀਤਾ ਗਿਆ। ਪੀਐਮ ਮੋਦੀ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣਾ ਚਾਹੀਦਾ ਸੀ। ਇੰਟੈਲੀਜੈਂਸ ਬਿਊਰੋ ਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਵੱਲੋਂ 100 ਕਿਲੋਮੀਟਰ ਦਾ ਸੜਕੀ ਸਫ਼ਰ ਤੈਅ ਕਰਨਾ ਗ਼ਲਤ ਸਲਾਹ ਸੀ।
ਦਰਅਸਲ, ਪੀਐਮ ਮੋਦੀ ਬੁੱਧਵਾਰ ਨੂੰ ਪੰਜਾਬ ਦੌਰੇ ‘ਤੇ ਗਏ ਸਨ। ਇੱਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕੀ ਰਸਤੇ ਹੁਸੈਨੀਵਾਲਾ ਨੂੰ ਜਾਂਦੇ ਸਮੇਂ ਰਸਤਾ ਰੋਕ ਦਿੱਤਾ ਸੀ। ਇਸ ਤੋਂ ਬਾਅਦ ਪੀਐਮ ਮੋਦੀ ਦਾ ਕਾਫਲਾ ਇੱਥੇ 15-20 ਮਿੰਟ ਰੁਕਿਆ। ਇਸ ਨੂੰ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਬਲੂ ਬੁੱਕ ਦੀ ਪਾਲਣਾ ਨਹੀਂ ਕੀਤੀ।
ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਦਿਆਂ ਭਾਜਪਾ ਨੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੀ ਰੈਲੀ ਵਿੱਚ ਭੀੜ ਨਹੀਂ ਸੀ, ਇਸ ਤੋਂ ਧਿਆਨ ਹਟਾਉਣ ਲਈ ਇਹ ਸਭ ਕੀਤਾ ਗਿਆ। ਦੂਜੇ ਪਾਸੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮਾਮਲੇ ਵਿੱਚ ਸੀਐਮ ਚੰਨੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸੀਐਮ ਚੰਨੀ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ ਹੈ।
ਪੀਐਮ ਮੋਦੀ ਦੀ ਸੁਰੱਖਿਆ ਵਿੱਚ ਢਿੱਲ ਕਾਰਨ ਪੰਜਾਬ ਪੁਲੀਸ ਦੇ ਡੀਜੀਪੀ ਅਤੇ ਮੁੱਖ ਸਕੱਤਰ ਦੀ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਅਧਿਕਾਰੀ ਪੀਐਮ ਮੋਦੀ ਦੇ ਕਾਫ਼ਲੇ ਵਿੱਚ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਫਲਾਈਓਵਰ ’ਤੇ ਤਾਇਨਾਤ ਪੁਲਿਸ ਵੀ ਕੋਈ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਵੇਖੀ ਗਈ।